ਸਫ਼ਾਈ ਸੇਵਕਾਂ ਤੇ ਮਿਉਂਸਿਪਲ ਕਾਮਿਆਂ ਨੇ ਹੱਕੀ ਮੰਗਾਂ ਲਈ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੇ ਪਹਿਲੇ ਦਿਨ ਅੱਜ ਇਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕਾਂ ਨੇ ਹੜਤਾਲ ਲਈ ਇਕਜੁੱਟਤਾ ਦਿਖਾਈ ਅਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਸੰਘਰਸ਼ ਤਿੱਖਾ ਕਰਨ ਸਬੰਧੀ ਚਰਚਾ ਕੀਤੀ। ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਕੀਤੀ ਇਸ ਹੜਤਾਲ ਵਿੱਚ ਸਫ਼ਾਈ ਸੇਵਕਾਂ ਤੋਂ ਇਲਾਵਾ ਸੀਵਰੇਜ ਕਰਮਚਾਰੀਆਂ, ਕੰਪਿਊਟਰ ਆਪਰੇਟਰਾਂ, ਮਾਲੀ, ਬੇਲਦਾਰ, ਫਾਇਰ ਬ੍ਰਿਗੇਡ ਸਟਾਫ਼, ਇਲੈਕਟ੍ਰੀਸ਼ੀਅਨਾਂ, ਪੰਪ ਆਪਰੇਟਰ, ਡਰਾਈਵਰ ਅਤੇ ਕਲੈਰੀਕਲ ਸਟਾਫ਼ ਨੇ ਕੰਮ ਛੱਡ ਕੇ ਸੰਘਰਸ਼ ਕੀਤਾ। ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰ ਕੇ ਲਮਕਦੀਆਂ ਆ ਰਹੀਆਂ ਮੰਗਾਂ ਫੌਰੀ ਮੰਗਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਾਅਦਿਆਂ ਦੀ ਰਾਜਨੀਤੀ ਨਾਲ ਮੁਲਾਜ਼ਮਾਂ ਨੂੰ ਹੋਰ ਧੋਖਾ ਨਹੀਂ ਦਿੱਤਾ ਜਾ ਸਕਦਾ। ਮੀਟਿੰਗਾਂ ਦੇ ਨਾਂ ’ਤੇ ਟਾਲਮਟੋਲ ਕਰਨਾ ਹੁਣ ਬਰਦਾਸ਼ਤ ਤੋਂ ਬਾਹਰ ਹੈ। ਸਰਕਾਰ ਦੀ ਲਾਪਰਵਾਹੀ ਨੇ ਹੀ ਕਾਮਿਆਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਠੇਕੇਦਾਰੀ ਪ੍ਰਥਾ ਦਾ ਖ਼ਾਤਮਾ, ਡੀ ਏ ਦੀ ਬਕਾਇਆ ਕਿਸ਼ਤ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁੱਖ ਮੰਗਾਂ ਹਨ ਜਿਨ੍ਹਾਂ ’ਤੇ ਹੁਣ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਰਾਜ ਕੁਮਾਰ ਨੇ ਵੀ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਏਕਤਾ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਸੰਤੋਖ ਰਾਮ, ਮਿਸ਼ਰੋ ਦੇਵੀ, ਸੁਨੀਤਾ ਰਾਣੀ, ਸਨੀ ਸੁੰਦਰ, ਸੁਰਜੀਤ ਸਿੰਘ, ਸੰਦੀਪ ਕੁਮਾਰ, ਆਸ਼ਾ ਰਾਣੀ, ਨੀਨਾ, ਕੰਚਨ, ਬਲਵਿੰਦਰ ਕਲਿਆਣ, ਬਿਕਰਮ ਗਿੱਲ, ਭੂਸ਼ਣ ਗਿੱਲ, ਡਿੰਪਲ ਆਦਿ ਹਾਜ਼ਰ ਸਨ।

