ਸਫ਼ਾਈ ਕਾਮਿਆਂ ਨੇ ਵਿਧਾਇਕਾਂ ਦੇ ਪੁਤਲੇ ਫੂਕੇ
ਬਰਨਾਲਾ ਲਾਠੀਚਾਰਜ ਦਾ ਵਿਰੋਧ: ਨਗਰ ਨਿਗਮ ਦੇ ਜ਼ੋਨ-ਏ ਤੋਂ ਘੰਟਾ ਘਰ ਚੌਕ ਤੱਕ ਰੋਸ ਮਾਰਚ
ਬਰਨਾਲਾ ਵਿੱਚ ਆਪਣੀਆਂ ਮੰਗਾਂ ਸਬੰਧੀ ਪ੍ਰਦਰਸ਼ਨ ਕਰ ਰਹੇ ਸਫ਼ਾਈ ਮੁਲਾਜ਼ਮਾਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦਾ ਸੇਕ ਹੁਣ ਪੂਰੇ ਸੂਬੇ ਵਿੱਚ ਫੈਲ ਗਿਆ ਹੈ।
ਘਟਨਾ ਦੇ ਵਿਰੋਧ ਵਿੱਚ ਸ਼ਹਿਰ ਦੇ ਸਫ਼ਾਈ ਮੁਲਾਜ਼ਮ, ਸੀਵਰਮੈਨਾਂ, ਮਾਲੀਆਂ, ਬੇਲਦਾਰਾਂ ਅਤੇ ਡਰਾਈਵਰਾਂ ਦੀ ਹੜਤਾਲ ਤੀਜੇ ਦਿਨ ਵੀ ਲਗਾਤਾਰ ਜਾਰੀ ਰਹੀ। ਗੁੱਸੇ ਵਿੱਚ ਆਏ ਨਿਗਮ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਨੂੰ ਵਿਰੋਧੀ ਧਿਰਾਂ ਦਾ ਵੀ ਪੂਰਾ ਸਮਰਥਨ ਮਿਲਿਆ।
ਸੰਘਰਸ਼ ਕਮੇਟੀ ਲੁਧਿਆਣਾ ਦੇ ਸੀਨੀਅਰ ਆਗੂ ਦੀਪਕ ਹੰਸ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਰਮਚਾਰੀ ਜ਼ੋਨ-ਏ ਤੋਂ ਘੰਟਾ ਘਰ ਚੌਕ ਤੱਕ ਰੋਸ ਮਾਰਚ ਕਰਦਿਆਂ ਪੁੱਜੇ। ਇੱਥੇ ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਕਾਂਡ ’ਤੇ ਚੁੱਪ ਵੱਟਣ ਦਾ ਦੋਸ਼ ਲਾਉਂਦਿਆਂ ਪੰਜਾਬ ਦੇ 34 ਐੱਸ ਸੀ ਵਿਧਾਇਕਾਂ ਦੇ ਪੁਤਲੇ ਫੂਕੇ। ਪ੍ਰਦਰਸ਼ਨ ਦੌਰਾਨ ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ, ਗੁਰਦੇਵ ਸ਼ਰਮਾ ਦੇਬੀ, ਗੁਰਦੀਪ ਨੀਟੂ, ਗੁਰਦੀਪ ਗੋਸ਼ਾ, ਸੀਨੂ ਚੁੱਘ, ਕੌਂਸਲਰ ਰੂਚੀ ਅਤੇ ਕੌਂਸਲਰ ਪੂਨਮ ਰਤਨ ਸਣੇ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।
ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਮਾਨ ਅਤੇ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਬਰਨਾਲਾ ਕਾਂਡ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਾਰੀਆਂ ਸਫ਼ਾਈ ਯੂਨੀਅਨਾਂ ਨੇ 30 ਜੁਲਾਈ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ। ਇਸੇ ਤਹਿਤ ਲੁਧਿਆਣਾ ਵਿੱਚ ਵੀ ਮੁਕੰਮਲ ਬੰਦ ਰੱਖਿਆ ਜਾਵੇਗਾ। ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸ਼ਾਮ 4 ਵਜੇ ਤੱਕ ਆਪਣੀਆਂ ਦੁਕਾਨਾਂ ਸਵੈ-ਇੱਛਾ ਨਾਲ ਬੰਦ ਰੱਖਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਵੱਲੋਂ ਸਮਰਥਨ
ਲੁਧਿਆਣਾ (ਗੁਰਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਫ਼ਾਈ ਮਜ਼ਦੂਰਾਂ ’ਤੇ ਕੀਤੇ ਗਏ ਜ਼ਬਰ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਭਲਕੇ 30 ਜੁਲਾਈ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਰਕਾਰ ਦਾ ਇਹ ਭਰਮ ਹੈ ਕਿ ਲੋਕਾਂ ਨੂੰ ਜਬਰ ਨਾਲ ਦਬਾ ਕੇ ਨਿੱਜੀਕਰਨ ਤੇ ਉਦਾਰੀਕਰ ਦੀਆਂ ਨੀਤੀਆਂ ਲਾਗੂ ਕਰਨ ਲਈ ਸਫ਼ਲ ਹੋ ਜਾਵੇਗੀ। ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਫ਼ਾਈ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਨ ਤਾਂ ਜੋ ਸਰਕਾਰ ਉਨ੍ਹਾਂ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰ ਸਕੇ।

