ਸੰਧੂ ਨੇ ਪੁਲ ਦੀ ਖ਼ਸਤਾ ਹਾਲਤ ਦਾ ਜਾਇਜ਼ਾ ਲਿਆ
ਰਾਜ ਸਭਾ ਮੈਂਬਰ ਵੱਲੋਂ ਲੋਕ ਨਿਰਮਾਣ ਵਿਭਾਗ ਕੋਲ ਫੰਡ ਨਾ ਹੋਣ ’ਤੇ ਫੰਡ ਦੇਣ ਦਾ ਦਾਅਵਾ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਅੱਜ ਮਾਲਵੇ ਤੇ ਦੋਆਬੇ ਨੂੰ ਜੋੜਦੇ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਖਸਤਾ ਹਾਲਤ ਤੇ ਧਸੀ ਹੋਈ ਸਲੈਬ ਦਾ ਜਾਇਜ਼ਾ ਲਿਆ ਗਿਆ। ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਸ਼ਰਮਾ ਵਲੋਂ ਲੋਕ ਸਮੱਸਿਆ ਵਾਲਾ ਇਹ ਮੁੱਦਾ ਰਾਜ ਸਭਾ ਮੈਂਬਰ ਦੇ ਧਿਆਨ ਵਿਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਅੱਜ ਇੱਥੇ ਦੌਰਾ ਕਰਨ ਪੁੱਜੇ ਸਨ। ਸ੍ਰੀ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਫੋਕੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਸਰਕਾਰੀ ਖਰਚ ’ਤੇ ਵੱਡੇ-ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪਰ ਇਸ ਪੁਲ ਦੀ ਮੁਰੰਮਤ ਕਰਵਾਉਣ ਦੇ ਕੋਈ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪੁਲ ਦੀ ਮੁਰੰਮਤ ਕਰਨ ਦੀ ਥਾਂ ਲੋਕ ਨਿਰਮਾਣ ਵਿਭਾਗ ਵਲੋਂ ਵੱਡੇ-ਵੱਡੇ ਗਾਰਡਰ ਲਾ ਕੇ ਬੰਦ ਕਰ ਦਿੱਤਾ ਗਿਆ। ਉਨ੍ਹਾ ਐਲਾਨ ਕੀਤਾ ਕਿ ਜੇ ਲੋਕ ਨਿਰਮਾਣ ਵਿਭਾਗ ਕੋਲ ਇਸ ਖਸਤਾ ਹਾਲਤ ਪੁਲ ਦੀ ਮੁਰੰਮਤ ਲਈ ਫੰਡ ਨਹੀਂ ਤਾਂ ਉਹ ਆਪਣੇ ਅਖਤਿਆਰੀ ਕੋਟੇ ਜਾਂ ਕੇਂਦਰ ਸਰਕਾਰ ਦੇ ਫੰਡ ’ਚੋਂ ਇਸ ਪੁਲ ਦੀ ਮੁਰੰਮਤ ਕਰਵਾਉਣ ਲਈ ਤਿਆਰ ਹਨ। ਇਸ ਮੌਕੇ ਬਲਰਾਜ ਕੁਮਾਰ, ਸੁੱਖੀ ਸ਼ਰਮਾ, ਸੰਜੀਵ ਲੀਹਲ, ਆਸ਼ੂ ਸ਼ਰਮਾ, ਵਿਕਾਸ ਮਿੱਤਲ, ਹਰਜਿੰਦਰ ਸਿੰਘ ਗੜ੍ਹੀ, ਡਾ. ਪ੍ਰਵੀਨ ਗੋਇਲ, ਅਜੈ ਬਾਂਸਲ ਵੀ ਹਾਜ਼ਰ ਸਨ।
ਸ੍ਰੀ ਨੇ ਕਿਹਾ ਕਿ ਲੋਕਾਂ ਦੀ ਵੱਡੀ ਸਮੱਸਿਆ ਜਿਸ ਨੂੰ ‘ਆਪ’ ਸਰਕਾਰ 2 ਸਾਲਾਂ ਵਿਚ ਹੱਲ ਕਰਨ ਤੋਂ ਨਾਕਾਮ ਰਹੀ ਹੈ ਉਸ ਨੂੰ ਦੇਸ਼ ਦੀ ਸੰਸਦ ਵਿਚ ਉਠਾਉਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਸੰਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਜਦੋਂ ਪੁਲ ਦੀ ਮੁਰੰਮਤ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਮੁਰੰਮਤ ਸਬੰਧੀ ਰੋਪੜ ਆਈ.ਟੀ. ਵਿੰਗ ਤੋਂ ਰਿਪੋਰਟ ਮੰਗੀ ਗਈ ਹੈ।

