ਸਮਰਾਲਾ: ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਧਰਨਾ ਦਿੱਤਾ
ਅੈੱਸ ਡੀ ਅੈੱਮ ਨੂੰ ਮੰਗ ਪੱਤਰ ਦਿੱਤਾ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਨਾਲ ਸਬੰਧਤ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਬਲਾਕ ਦੇ ਵਰਕਰਾਂ ਤੇ ਹੈਲਪਰਾਂ ਵੱਲੋਂ ਪ੍ਰਧਾਨ ਬਲਾਕ ਸਮਰਾਲਾ ਪਰਮਜੀਤ ਕੌਰ ਅਤੇ ਮਨਜੀਤ ਕੌਰ ਪ੍ਰਧਾਨ ਬਲਾਕ ਮਾਛੀਵਾੜਾ ਸਾਹਿਬ ਦੀ ਅਗਵਾਈ ਹੇਠ ਐੱਸ ਡੀ ਐੱਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸਾਬਕਾ ਪ੍ਰਧਾਨ ਨਗਰ ਕੌਂਸਲ ਭਜਨ ਸਿੰਘ ਅਤੇ ਕਾ. ਅਮਰਨਾਥ ਕੂੰਮਕਲਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸ੍ਰੀ ਕੂੰਮਕਲਾਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਨਲਾਈਨ ਸਰਕਾਰੀ ਕੰਮ ਕਰਨ ਲਈ ਮੋਬਾਈਲ ਲੈਣ ਵਾਸਤੇ 2017 ਤੋਂ ਸੰਘਰਸ਼ ਜਾਰੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਉਕਤ ਮੰਗ ਮੰਨਦਿਆਂ ਡੱਬਾਬੰਦ ਮੋਬਾਈਲ ਦੇਣ ਸਬੰਧੀ ਕਿਹਾ ਹੈ, ਪ੍ਰੰਤੂ ਪੰਜਾਬ ਸਰਕਾਰ ਨੇ ਕਿਹਾ ਕਿ ਪਹਿਲਾਂ ਜਨਗਨਣਾ ਕਰਨ ਲਈ ਇਹ ਮੋਬਾਈਲ ਦੂਸਰੇ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ ਜਿਸਦਾ ਵਿਰੋਧ ਵੱਡੇ ਪੱਧਰ ’ਤੇ 21 ਅਪਰੈਲ ਨੂੰ ਯੂਨੀਅਨ ਦੇ ਸੂਬਾਈ ਆਗੂਆਂ ਦੀ ਅਗਵਾਈ ਵਿੱਚ ਲੁਧਿਆਣਾ ਵਿੱਚ ਕੀਤਾ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ, ਏ ਡੀ ਸੀ ਅਤੇ ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਨਾਲ ਯੂਨੀਅਨ ਦੇ ਨੁਮਾਇੰਦਿਆਂ ਨੇ ਆਨਲਾਈਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਇਹ ਮੰਨਿਆ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਨੂੰ ਹੀ ਡੱਬਾਬੰਦ ਮੋਬਾਈਲ ਦਿੱਤੇ ਜਾਣਗੇ। ਸਮਰਾਲਾ ਵਿੱਚ ਅੱਜ ਸਰਵੇ ਕਰਨ ਲਈ ਮੋਬਾਈਲ ਜਾਰੀ ਕੀਤੇ ਜਾਣੇ ਸਨ। ਬੀਤੀ ਸ਼ਾਮ ਮੋਬਾਈਲ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀ ਸੂਚੀ ਸਾਂਝੀ ਕੀਤੀ ਗਈ ਤਾਂ ਸਮਰਾਲਾ ਅਤੇ ਮਾਛੀਵਾੜਾ ਬਲਾਕ ਦੇ ਕੇਵਲ ਦੋ-ਦੋ ਆਂਗਣਵਾੜੀ ਮੁਲਾਜ਼ਮਾਂ ਦੇ ਨਾਂ ਸਨ ਜਿਸ ਤੋਂ ਦੋਹਾਂ ਬਲਾਕਾਂ ਦੇ ਵਰਕਰਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਇਸ ਦੇ ਰੋਸ ਵਜੋਂ ਅੱਜ ਰੋਸ ਮੁਜ਼ਾਹਰਾ ਕਰ ਕੇ ਐੱਸ ਡੀ ਐੱਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਰਣਜੀਤ ਕੌਰ ਲੱਧੜਾਂ, ਹਰਦੀਪ ਕੌਰ ਸਮਰਾਲਾ, ਕੁਲਵੰਤ ਕੌਰ ਨੀਲੋਂ, ਚਰਨਜੀਤ ਕੌਰ ਪੂੰਨੀਆ, ਮਨਜੀਤ ਕੌਰ ਮਾਛੀਵਾੜਾ ਸਾਹਿਬ, ਪਰਮਜੀਤ ਕੌਰ ਖੱਟਰਾਂ ਪਰਮਜੀਤ ਸਮਰਾਲਾ ਅਤੇ ਬਲਜਿੰਦਰ ਕੌਰ ਸਮਰਾਲਾ ਆਦਿ ਹਾਜ਼ਰ ਸਨ।

