ਰੇਕੀ ਸੈਂਟਰ ’ਚ ਵਿਅਕਤੀ ਦੀ ਮੌਤ ਮਗਰੋਂ ਹੰਗਾਮਾ
ਇਥੋਂ ਦੇ ਜੀਟੀ ਰੋਡ ’ਤੇ ਸਥਿਤ ਰੇਕੀ ਸੈਂਟਰ ਵਿੱਚ ਇਕ ਸ਼ਰਧਾਲੂ ਦੀ ਮੌਤ ਮਗਰੋਂ ਹੰਗਾਮਾ ਹੋ ਗਿਆ। ਮ੍ਰਿਤਕ ਦੀ ਪਛਾਣ ਜਤਿੰਦਰ ਤਿਵਾੜੀ (54) ਵਾਸੀ ਸਮਰਾਲਾ ਵਜੋਂ ਹੋਈ, ਜੋ ਇਕ ਅਖਬਾਰ ਏਜੰਸੀ ਚਲਾਉਂਦਾ ਸੀ। ਪਰਿਵਾਰ ਨੇ ਐੱਸਐੱਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮ੍ਰਿਤਕ ਦੇ ਲੜਕੇ ਪੰਕਜ ਤਿਵਾੜੀ ਨੇ ਦੱਸਿਆ ਕਿ ਉਸ ਦਾ ਪਿਤਾ ਸਵੇਰੇ 9 ਵਜੇ ਕਲਾਸ ਲਈ ਸਕੂਟਰ ’ਤੇ ਰੇਕੀ ਸੈਂਟਰ ਆਏ ਸਨ ਅਤੇ ਦੁਪਹਿਰ ਸਮੇਂ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਦੀ ਸਿਹਤ ਵਿਗੜ ਗਈ ਹੈ। ਜਦੋਂ ਉਹ ਆਪਣੇ ਚਾਚੇ ਨਾਲ ਰੇਕੀ ਸੈਂਟਰ ਪੁੱਜਾ ਤਾਂ ਉਸ ਸਮੇਂ ਤੱਕ ਉਸਦੇ ਪਿਤਾ ਨੂੰ ਹਸਪਤਾਲ ਨਹੀਂ ਪਹੁੰਚਾਇਆ ਗਿਆ ਸੀ। ਪਰਿਵਾਰ ਨੇ ਜਦੋਂ ਜਤਿੰਦਰ ਨੂੰ ਨੇੜਲੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਅੱਧਾ ਘੰਟੇ ਪਹਿਲਾਂ ਮੌਤ ਹੋ ਚੁੱਕੀ ਹੈ। ਪੰਕਜ ਨੇ ਸੈਂਟਰ ਮੈਨੇਜਮੈਂਟ ’ਤੇ ਸੀਸੀਟੀਵੀ ਫੁਟੇਜ ਲੁਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਸੈਂਟਰ ਵਿਚ ਲੱਗੇ 300 ਕੈਮਰਿਆਂ ਦੀ ਫੁਟੇਜ ਦਿਖਾਉਣ ਦੀ ਮੰਗ ਕੀਤੀ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਕੈਮਰੇ ਕੰਮ ਨਹੀਂ ਕਰ ਰਹੇ ਸਨ। ਉਸ ਨੂੰ ਸਿਰਫ਼ ਇਕ ਡਰੋਨ ਵੀਡੀਓ ਦਿਖਾਇਆ ਗਿਆ। ਪਰਿਵਾਰ ਨੇ ਕਿਹਾ ਕਿ ਜਤਿੰਦਰ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ’ਤੇ ਤੁਰੰਤ ਐੱਸਐੱਸਪੀ ਡਾ. ਜੋਤੀ ਯਾਦਵ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮੌਕੇ ਰੇਕੀ ਸੈਂਟਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਜਤਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਥਾਣਾ ਸਿਟੀ-2 ਦੇ ਐੱਸਐੱਚਓ ਤਰਵਿੰਦਰ ਬੇਦੀ ਨੇ ਕਿਹਾ ਕਿ ਪੋਸਟ ਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਦੁਆਰਾ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।