Advertisement
ਸਥਾਨਕ ਚਰਨ ਕੰਵਲ ਚੌਕ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੱਕ ਜਾਂਦੀ ਪ੍ਰਮੁੱਖ ਸੜਕ ਦਾ ਕੰਮ ਵਾਰ-ਵਾਰ ਅੱਧਵਾਟੇ ਬੰਦ ਹੋਣ ਨਾਲ ਲੋਕ ਨਿਰਮਾਣ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ।
ਲੋਕ ਨਿਰਮਾਣ ਵਿਭਾਗ ਵਲੋਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਗੁਰੂ ਘਰ ਨੂੰ ਜਾਂਦੀ ਸੜਕ ’ਤੇ ਇੰਟਰਲਾਕ ਟਾਈਲ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਫਰਵਰੀ, 2026 ਵਿਚ ਸਬੰਧਿਤ ਠੇਕੇਦਾਰ ਵਲੋਂ ਇਸ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਜੋ ਕਿ 30 ਅਕਤੂਬਰ ਤੱਕ ਮੁਕੰਮਲ ਕੀਤਾ ਜਾਣਾ ਸੀ ਪਰ ਅਜੇ ਤੱਕ ਸੜਕ ਦਾ 40 ਫੀਸਦੀ ਕੰਮ ਵੀ ਮੁਕੰਮਲ ਨਹੀਂ ਹੋਇਆ। ਪਿਛਲੇ ਕਈ ਦਿਨਾਂ ਤੋਂ ਸੜਕ ਦਾ ਕੰਮ ਬੰਦ ਪਿਆ ਹੈ। ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਰਨ ਕੰਵਲ ਸਾਹਿਬ ਚੌਕ ਦੇ ਦੁਕਾਨਦਾਰ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ, ਜਥੇਦਾਰ ਮਨਮੋਹਣ ਸਿੰਘ ਖੇੜਾ, ਆਸ਼ੂ ਖੁਰਾਣਾ, ਪ੍ਰਿੰਸੀਪਲ ਡੀ ਡੀ ਵਰਮਾ ਅਤੇ ਪੁਨੀਤ ਕਾਲੜਾ ਨੇ ਇੰਟਰਲਾਕ ਟਾਈਲ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਅਤੇ ਤਿੰਨ ਮਹੀਨਿਆਂ ’ਚ ਕੰਮ ਮੁਕੰਮਲ ਕਰਵਾਉਣ ਦੀ ਮੰਗ ਕੀਤੀ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਰਮਜੀਤ ਸਿੰਘ ਨੇ ਕਿਹਾ ਕਿ ਮਾਰਕੀਟ ’ਚੋਂ 100 ਐੱਮ ਐੱਮ ਟਾਈਲ ਨਹੀਂ ਮਿਲ ਰਹੀ ਜਿਸ ਕਾਰਨ ਕੰਮ ਵਿਚ ਦੇਰੀ ਆ ਰਹੀ ਹੈ। ਸੜਕ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਹੀ ਠੇਕੇਦਾਰ ਨੂੰ ਅਦਾਇਗੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਤਿੰਨ ਮਹੀਨਿਆਂ ’ਚ ਸੜਕ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਜਾਵੇਗਾ।
Advertisement
×

