road damage: ਓਵਰਫਲੋਅ ਸੀਵਰੇਜ ਦੇ ਪਾਣੀ ਨੇ ਸੜਕ ਪੁੱਟੀ
ਦੂਸ਼ਿਤ ਪਾਣੀ ਕਾਰਨ ਆਲੇ-ਦੁਆਲੇ ਦੀਆਂ ਕੰਧਾਂ ’ਤੇ ਵੀ ਗੰਦਗੀ ਜਮੀ
ਸਨਅਤੀ ਸ਼ਹਿਰ ਦੇ ਜਮਾਲਪੁਰ ਚੌਕ ਨਾਲ ਲੱਗਦੀ ਪੁਲੀਸ ਕਲੋਨੀ ਵਾਲੇ ਚੌਕ ਵਿੱਚ ਬੀਤੇ ਦਿਨ ਪਏ ਮੀਂਹ ਨੇ ਦੁਬਾਰਾ ਵੱਡਾ ਟੋਆ ਪਾ ਦਿੱਤਾ ਹੈ। ਹਰ ਵਾਰ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਹੀ ਸੜਕ ਦੇ ਵਿਚਕਾਰ ਬਣੀ ਇਸ ਸੀਵਰੇਜ ਦੀ ਹੌਦੀ ਦਾ ਢੱਕਣ ਉੱਪਰ ਨੂੰ ਚੁੱਕਿਆ ਜਾਂਦਾ ਹੈ ਅਤੇ ਗੰਦਾ ਪਾਣੀ ਫੁਆਰੇ ਦੀ ਤਰ੍ਹਾਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਪਾਣੀ ਨੇ ਆਲੇ-ਦੁਆਲੇ ਪੈਂਦੀਆਂ ਇਮਾਰਤਾਂ ਅਤੇ ਫੁੱਟਪਾਥਾਂ ਦੀਆਂ ਇੱਟਾਂ ਵੀ ਖ਼ਰਾਬ ਕਰ ਦਿੱਤੀਆਂ ਹਨ।
ਇੱਥੋਂ ਦੇ ਜਮਾਲਪੁਰ ਨੇੜੇ ਫੌਕਲ ਪੁਆਇੰਟ ਅਤੇ ਹੋਰ ਕਈ ਇਲਾਕੇ ਪੈਂਦੇ ਹਨ। ਇਨ੍ਹਾਂ ਵਿੱਚੋਂ ਨਿਕਲਦਾ ਗੰਦਾ ਪਾਣੀ ਇਸ ਸੀਵਰੇਜ ਵਿੱਚੋਂ ਦੀ ਲੰਘਦਾ ਹੈ। ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਸ ਸੀਵਰੇਜ ਵਿੱਚੋਂ ਨਿਕਲਦੇ ਪਾਣੀ ਕਾਰਨ ਸੜਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਜਾਣਕਾਰੀ ਅਨੁਸਾਰ ਇੱਥੇ ਨਵੀਂ ਸੀਵਰਜ ਲਾਈਨ ਵੀ ਪਾਈ ਗਈ ਸੀ ਪਰ ਇੱਥੇ ਪਾਣੀ ਓਵਰਫਲੋਅ ਹੋਣੋ ਨਹੀਂ ਹਟਿਆ। ਪਿਛਲੇ ਸਾਲ ਤਾਂ ਇਸ ਸੜਕ ’ਤੇ ਕਈ ਫੁੱਟ ਡੂੰਘਾ ਅਤੇ ਚੌੜਾ ਟੋਆ ਪੈ ਗਿਆ ਸੀ ਜਿਸ ਦੀ ਮੁਰੰਮਤ ਲਈ ਕਈ ਦਿਨ ਲੱਗ ਗਏ ਸਨ। ਸੜਕ ਦੇ ਵਿਚਕਾਰ ਬਣੀ ਸੀਵਰਜ ਦੀ ਇਸ ਹੌਦੀ ਦੇ ਆਲੇ-ਦੁਆਲੇ ਸੀਮਿੰਟ ਪਾ ਕੇ ਪੱਕਾ ਕੀਤਾ ਗਿਆ ਸੀ ਪਰ ਬੀਤੇ ਦਿਨ ਪਏ ਮੀਂਹ ਕਾਰਨ ਦੁਬਾਰਾ ਪਾਣੀ ਓਵਰਫੋਅ ਹੋਇਆ ਅਤੇ ਇੱਥੇ ਪਾਇਆ ਸੀਮਿੰਟ ਵੀ ਉੱਖੜ ਗਿਆ।
ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਪੈਂਦੇ ਇਸ ਚੌਕ ਤੋਂ ਰੋਜ਼ਾਨਾਂ ਹਜ਼ਾਰਾਂ ਵੱਡੇ-ਛੋਟੇ ਵਾਹਨ ਲੰਘਦੇ ਹਨ। ਹੁਣ ਇਸ ਖ਼ਰਾਬ ਹੋਈ ਸੜਕ ਕਰ ਕੇ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੇ ਵੱਡੇ ਵਾਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਵਾਹਨਾਂ ਦੀ ਸੁਰੱਖਿਆ ਲਈ ਇਸ ਸੀਵਰੇਜ ਦੀ ਹੌਦੀ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਗਏ ਹਨ ਪਰ ਰਾਤ ਸਮੇਂ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਦੂਜੇ ਪਾਸੇ, ਇਸ ਸੀਵਰਜ ਦੇ ਓਵਰਫੋਅ ਹੋਣ ਕਾਰਨ ਸੈਕਟਰ-32, ਵਰਧਮਾਨ ਰੋਡ, ਮੋਤੀ ਨਗਰ, ਪੁਲੀਸ ਕਲੋਨੀ, ਤਿਕੌਣਾ ਪਾਰਕ ਰੋਡ ਆਦਿ ਇਲਾਕਿਆਂ ਵਿੱਚ ਗੰਦਾ ਪਾਣੀ ਭਰ ਜਾਂਦਾ ਹੈ। ਇਹ ਪਾਣੀ ਇਨ੍ਹਾਂ ਜ਼ਹਿਰੀਲਾ ਅਤੇ ਪ੍ਰਦੂਸ਼ਿਤ ਹੈ ਕਿ ਇਸ ਕਾਰਨ ਹੌਦੀ ਨੇੜਲੀਆਂ ਇਮਾਰਤਾਂ ਅਤੇ ਇੱਥੋਂ ਤੱਕ ਕੇ ਫੁੱਟਪਾਥਾਂ ਦੇ ਪੱਥਰਾਂ ਨੂੰ ਵੀ ਰੰਗ ਚੜ੍ਹ ਗਿਆ ਹੈ।

