Road Construction Project: ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੜਕ ਦੀ ਉਸਾਰੀ ਸ਼ੁਰੂ
ਦੋ ਵਿਧਾਇਕਾਂ ਅਤੇ ਸੀਨੀਅਰ ਡਿਪਟੀ ਮੇਅਰ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ
ਵਧੀਆ ਸੜਕੀ ਢਾਂਚੇ ਦੇ ਵਿਕਾਸ ਵੱਲ ਕਦਮ ਵਧਾਉਂਦੇ ਹੋਏ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਅੱਜ ਵਾਰਡ ਨੰਬਰ 90 ਵਿੱਚ ਪੈਂਦੇ ਇਲਾਕਿਆਂ ਸ਼ਾਹਪੁਰ ਰੋਡ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਰੋਡ ਦੇ ਮੁੜ-ਨਿਰਮਾਣ ਲਈ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼ਾਹੀ ਇਮਾਮ ਪੰਜਾਬ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਣੇ ਇਲਾਕੇ ਦੇ ਹੋਰ ਵਸਨੀਕ ਅਤੇ ਦੁਕਾਨਦਾਰ ਵੀ ਹਾਜ਼ਰ ਸਨ।
ਵਿਧਾਇਕ ਬੱਗਾ, ਵਿਧਾਇਕ ਪਰਾਸ਼ਰ ਅਤੇ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਦੱਸਿਆ ਕਿ ਦੋਵਾਂ ਸੜਕਾਂ ਦਾ ਮੁੜ-ਨਿਰਮਾਣ ਲਗਪਗ 75 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਹਾਲ ਹੀ ਵਿੱਚ ਸਾਬਣ ਬਾਜ਼ਾਰ ਦੀਆਂ ਗਲੀਆਂ ਦੇ ਮੁੜ-ਨਿਰਮਾਣ ਲਈ ਵੀ 1.24 ਕਰੋੜ ਰੁਪਏ ਦਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਲੱਕੜ ਬਾਜ਼ਾਰ ਵਿੱਚ ਵਾਲੀਬਾਲ ਕੋਰਟ ਵੀ ਬਣਾਇਆ ਜਾ ਰਿਹਾ ਹੈ। ਤਿੰਨਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।
ਉਦਘਾਟਨੀ ਸਮਾਰੋਹ ਦੌਰਾਨ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਦੁਕਾਨਦਾਰਾਂ ਵਿੱਚੋਂ ਬਿੱਲਾ ਕੁੰਜ, ਦੀਪਕ ਸ਼ਰਮਾ ਦੀਪਾ, ਹਰਜੋਤ ਕਾਲੜਾ, ਮੁਸਤਕੀਮ ਰਹਿਮਾਨੀ, ਅਜੈ ਸ਼ਰਮਾ, ਪ੍ਰਵੀਨ ਅਗਰਵਾਲ ਪਿੰਕਾ, ਕੁੱਕੀ ਸਿੰਘ, ਗੁਰਮੀਤ ਪੁਜਾਰਾ, ਜਿੰਮੀ ਸਿੰਘ, ਕੁਲਦੀਪ ਸਿੰਘ, ਭੋਲਾ ਭੰਡਾਰੀ, ਗੁਰਪ੍ਰੀਤ ਸਿੰਘ, ਦੀਪਕ ਮਹਿਰਾ, ਸਾਹਿਲ ਕੁਮਾਰ, ਰਮੇਸ਼ ਸ਼ਰਮਾ, ਹਰੀਸ਼ ਪਸਰੀਚਾ, ਗੁਲਸ਼ਨ ਕੁਮਾਰ, ਵਿਜੈ ਅਰੋੜਾ ਅਤੇ ਹੋਰ ਹਾਜ਼ਰ ਸਨ।

