Ludhiana Pothole Crisis: ਮੌਨਸੂਨ ਤੋਂ ਪਹਿਲਾਂ ਹੀ ਸੜਕਾਂ ਦੀ ਹਾਲਤ ਤਰਸਯੋਗ
ਟੋਇਆਂ ਕਾਰਨ ਵਾਪਰ ਰਹੇ ਨੇ ਹਾਦਸੇ; ਰਾਹਗੀਰ ਪ੍ਰੇਸ਼ਾਨ
ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਦੀ ਤਰਸਯੋਗ ਹਾਲਤ ਕਾਰਨ ਸਥਾਨਕ ਲੋਕ ਅਤੇ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ। ਸੜਕਾਂ ਵਿਚਾਲੇ ਪਏ ਵੱਡੇ-ਵੱਡੇ ਟੋਇਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਸ਼ਹਿਰ ਵਿੱਚ ਸਭ ਤੋਂ ਮਾੜੀ ਸਥਿਤੀ ਹਲਕਾ ਦੱਖਣੀ ਦੇ ਇਲਾਕਿਆਂ ਦੀ ਹੈ, ਜਿੱਥੇ ਨਿਊ ਮੋਤੀ ਨਗਰ, ਗਿਆਸਪੁਰਾ, ਈਸਟਮੈਨ ਚੌਕ, ਢੰਡਾਰੀ ਕਲਾਂ ਅਤੇ ਜਸਪਾਲ ਬਾਂਗਰ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਨਗਰ ਨਿਗਮ ਨੂੰ 30 ਜੂਨ ਤੱਕ ਸੜਕਾਂ ਦੇ ਟੋਏ ਭਰਨ ਦੇ ਦਿੱਤੇ ਹੁਕਮ ਪੂਰੀ ਤਰ੍ਹਾਂ ਹਵਾਈ ਸਾਬਤ ਹੋਏ ਹਨ। ਕਰੋੜਾਂ ਰੁਪਏ ਦਾ ਟੈਕਸ ਦੇਣ ਵਾਲਾ ਇਹ ਸਨਅਤੀ ਖੇਤਰ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਸੜਕਾਂ ਦੇ ਟੋਇਆਂ ਵਿੱਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਹੁਣ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗਿਆਸਪੁਰਾ ਵਿੱਚ ਸੜਕ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਆਏ ਦਿਨ ਦੁਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਸਥਾਨਕ ਵਿਧਾਇਕ ਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਅਵੇਸਲਤਾ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ ਅਤੇ ਬਰਸਾਤਾਂ ਪੈਣ ’ਤੇ ਸਥਿਤੀ ਹੋਰ ਵੀ ਗੰਭੀਰ ਹੋ ਜਾਵੇਗੀ। ਦੂਜੇ ਪਾਸੇ ਜਦੋਂ ਹਲਕਾ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ ਮੌਨਸੂਨ ਦੇ ਮੱਦੇਨਜ਼ਰ ਫਿਲਹਾਲ ਇਸ ਨੂੰ ਰੋਕਣਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਰਸਾਤਾਂ ਤੋਂ ਬਾਅਦ ਵੱਡੇ ਪੱਧਰ ’ਤੇ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕਾਰਜ ਮੁੜ ਸ਼ੁਰੂ ਕੀਤਾ ਜਾਵੇਗਾ।
