Bharat Nagar Chowk ਨੇੜੇ National Highway ਦੀ ਸੜਕ ਧਸੀ
ਟਰੱਕ ਲੰਘਣ ਮਗਰੋਂ 20 ਫੁੱਟ ਦਾ ਪਾੜ ਪਿਆ; ਅਧਿਕਾਰੀਆਂ ਨੇ ਕਾਰਨ ਪਤਾ ਕਰਨ ਲਈ ਸਡ਼ਕ ਪੁੱਟੀ
ਇੱਥੋਂ ਦੇ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਂਦੇ ਕੌਮੀ ਮਾਰਗ ਦਾ ਵੱਡਾ ਹਿੱਸਾ ਅੱਜ ਅਚਾਨਕ ਧਸ ਗਿਆ। ਕੌਮੀ ਮਾਰਗ ਤੋਂ ਭਾਰੀ ਟਰੱਕ ਦੇ ਲੰਘਣ ਤੋਂ ਫ਼ੌਰਨ ਬਾਅਦ ਸੜਕ ’ਤੇ ਕਰੀਬ 12 ਫੁੱਟ ਡੂੰਘਾ ਅਤੇ 20 ਫੁੱਟ ਚੌੜਾ ਪਾੜ ਪੈ ਗਿਆ। ਗ਼ਨੀਮਤ ਇਹ ਰਹੀ ਕਿ ਉਸ ਵੇਲੇ ਉਥੋਂ ਹੋਰ ਕੋਈ ਵਾਹਨ ਨਹੀਂ ਲੰਘ ਰਿਹਾ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਬਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਕੌਂਸਲਰ ਰੁਚੀ ਗੁਲਾਟੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਅਮਲੇ ਸਣੇ ਸੱਦ ਲਿਆ। ਨਗਰ ਨਿਗਮ ਦੇ ਓ ਐਂਡ ਐੱਮ ਅਤੇ ਬੀ ਐਂਡ ਆਰ ਵਿੰਗ ਦੇ ਅਧਿਕਾਰੀ ਲੋੜੀਂਦੀ ਮਸ਼ੀਨਰੀ ਅਤੇ ਬੈਰੀਕੇਡਸ ਲੈ ਕੇ ਤੁਰੰਤ ਕਾਰਵਾਈ ਵਿੱਚ ਜੁਟ ਗਏ।
ਮੁਢਲੀ ਜਾਂਚ ਵਿੱਚ ਜਦੋਂ ਸੜਕ ਧਸਣ ਦਾ ਅਸਲ ਕਾਰਨ ਸਾਫ਼ ਨਹੀਂ ਹੋ ਸਕਿਆ, ਤਾਂ ਨਿਗਮ ਦੇ ਇੰਜਨੀਅਰਾਂ ਨੇ ਕਰੀਬ 30 ਫੁੱਟ ਡੂੰਘਾਈ ਤੱਕ ਸੜਕ ਦੀ ਖੁਦਾਈ ਕਰਵਾਈ। ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੀ ਡੂੰਘੀ ਖੁਦਾਈ ਤੋਂ ਬਾਅਦ ਵੀ ਜ਼ਮੀਨ ਦੇ ਅੰਦਰ ਕੋਈ ਤਕਨੀਕੀ ਨੁਕਸ ਜਾਂ ਖੋਖਲਾਪਨ ਨਜ਼ਰ ਨਹੀਂ ਆਇਆ, ਜਿਸ ਨੂੰ ਸੜਕ ਧੱਸਣ ਦਾ ਮੁੱਖ ਕਾਰਨ ਮੰਨਿਆ ਜਾ ਸਕੇ। ਫਿਲਹਾਲ ਅਧਿਕਾਰੀਆਂ ਨੇ ਅਗਲੀ ਖੁਦਾਈ ਦਾ ਕੰਮ ਰੋਕ ਦਿੱਤਾ ਹੈ। ਕੌਂਸਲਰ ਰੁਚੀ ਗੁਲਾਟੀ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਸੜਕ ਧਸੀ ਹੈ, ਉੱਥੇ ਪਿਛਲੇ ਕਾਫੀ ਸਮੇਂ ਤੋਂ ਜ਼ਮੀਨ ਦੇ ਅੰਦਰੋਂ ਪਾਣੀ ਦੇ ਬੁਲਬੁਲੇ ਬਾਹਰ ਆ ਰਹੇ ਸਨ। ਇਸ ਸਬੰਧੀ ਨਿਗਮ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਖ਼ਦਸ਼ਾ ਹੈ ਕਿ ਵਾਟਰ ਸਪਲਾਈ ਲਾਈਨ ਵਿੱਚ ਅੰਦਰੂਨੀ ਲੀਕੇਜ ਕਾਰਨ ਹੌਲੀ-ਹੌਲੀ ਮਿੱਟੀ ਖਿਸਕਦੀ ਰਹੀ ਅਤੇ ਸੜਕ ਬੈਠ ਗਈ। ਇਸ ਕਾਰਨ ਪ੍ਰਭਾਵਿਤ ਹੋਈ ਪਾਣੀ ਦੀ ਸਪਲਾਈ ਦੁਪਹਿਰ 12 ਵਜੇ ਬਹਾਲ ਹੋ ਸਕੀ।
ਐੱਨ ਐੱਚ ਏ ਆਈ ਨੇ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੀ ਇਸ ਐਲੀਵੇਟਿਡ ਰੋਡ ਦਾ ਨਿਰਮਾਣ ਕਰੀਬ ਦੋ ਸਾਲ ਪਹਿਲਾਂ ਹੀ ਮੁਕੰਮਲ ਕੀਤਾ ਸੀ। ਇਸੇ ਦੌਰਾਨ ਇਸ ਦੇ ਹੇਠਲੀ ਮੁੱਖ ਸੜਕ ਨੂੰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਸੀ। ਦੋ ਸਾਲਾਂ ਦੇ ਅੰਦਰ ਹੀ ਸੜਕ ਦਾ ਧਸ ਜਾਣਾ ਵਰਤੀ ਗਈ ਨਿਰਮਾਣ ਸਮੱਗਰੀ ਅਤੇ ਵਿਭਾਗੀ ਤਾਲਮੇਲ ਦੀ ਘਾਟ ਨੂੰ ਉਜਾਗਰ ਕਰਦਾ ਹੈ।
ਟਰੈਫਿਕ ਪੁਲੀਸ ਨੇ ਰੂਟ ਬਦਲਿਆ
ਸੜਕ ਦਾ ਇਹ ਹਿੱਸਾ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਮਾਰਗ ਉੱਤੇ ਈ ਐੱਸ ਆਈ ਹਸਪਤਾਲ ਦੇ ਬਿਲਕੁਲ ਸਾਹਮਣੇ ਧਸਿਆ ਹੈ। ਨਿਗਮ ਵੱਲੋਂ ਸੜਕ ਦਾ ਇੱਕ ਵੱਡਾ ਹਿੱਸਾ ਪੁੱਟੇ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਲਈ ਮਹਿਜ਼ ਕੁਝ ਫੁੱਟ ਦਾ ਤੰਗ ਰਸਤਾ ਹੀ ਬਚਿਆ। ਇਸ ਦੇ ਚਲਦਿਆਂ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਜਾਮ ਦੀ ਸਥਿਤੀ ਪੈਦਾ ਹੋ ਗਈ। ਸਥਿਤੀ ਨੂੰ ਸੰਭਾਲਦਿਆਂ ਟਰੈਫਿਕ ਪੁਲੀਸ ਨੇ ਦੋਵਾਂ ਪਾਸਿਆਂ ਦੇ ਵਾਹਨਾਂ ਨੂੰ ਇੱਕ ਹੀ ਲੇਨ ਤੋਂ ਲੰਘਾਉਣ ਲਈ ਰੂਟ ਤਬਦੀਲ ਕੀਤਾ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਮੁਸ਼ਕਲ ਨਾ ਆਵੇ।

