Road Blockade: ਡੇਹਲੋਂ ਬਾਈਪਾਸ ’ਤੇ ਨਿਹੰਗ ਜਥੇਬੰਦੀਆਂ ਵੱਲੋਂ ਚੱਕਾ ਜਾਮ
ਚਾਰ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਵਾਪਸ ਕਰਵਾਏ; ਪੁਲੀਸ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਢਿੱਲੀ ਕਾਰਵਾੲੀ ਦਾ ਦੋਸ਼
ਪੁਲੀਸ ਪ੍ਰਸ਼ਾਸਨ ਦੀ ਕਥਿਤ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਸਵੇਰੇ ਡੇਹਲੋਂ ਬਾਈਪਾਸ ’ਤੇ ਨਿਹੰਗ ਜਥੇਬੰਦੀਆਂ ਨੇ ਧਰਨਾ ਲਾ ਕੇ ਲੁਧਿਆਣਾ-ਮਾਲੇਰਕੋਟਲਾ ਮੁੱਖ ਸੜਕ ‘ਤੇ ਚੱਕਾ ਜਾਮ ਕਰ ਦਿੱਤਾ। ਇਹ ਧਰਨਾ ਅਮਨਦੀਪ ਸਿੰਘ ਦਸਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸਵੇਰੇ ਕਰੀਬ 8 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਕਰੀਬ 2 ਵਜੇ ਪੁਲੀਸ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਸਮਾਪਤ ਹੋਇਆ। ਇਸ ਦੌਰਾਨ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਰਾਹਗੀਰ ਖੁਆਰ ਹੁੰਦੇ ਰਹੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਡੇਹਲੋਂ ਦੇ ਇਲਾਕੇ ਵਿੱਚ ਪੁਲੀਸ ਦੀ ਵਰਦੀ ਪਾ ਕੇ ਲੋਕਾਂ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਹੇਠ ਤਿੰਨ ਅਜੈ ਸ਼ਰਮਾ, ਅਕਾਸ਼ਦੀਪ ਅਤੇ ਗੁਰਕੀਰਤ ਸਿੰਘ ਨੂੰ ਲੋਕਾਂ ਨੇ ਮੌਕੇ ’ਤੇ ਕਾਬੂ ਕਰ ਲਿਆ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰਦਿਆਂ ਮੁਲਜ਼ਮਾ ਨੂੰ ਰਿਮਾਂਡ ’ਤੇ ਲਿਆ ਸੀ।
ਧਰਨੇ ਦੌਰਾਨ ਨਿਹੰਗ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਮੁਲਜ਼ਮ ਪੁਲੀਸ ਦੀ ਕਥਿਤ ਸਹਾਇਤਾ ਨਾਲ ਨਸ਼ਾ ਵੇਚਣ, ਲੁੱਟ-ਖੋਹ ਕਰਨ ਅਤੇ ਨੌਜਵਾਨਾਂ ਨੂੰ ਚਿੱਟੇ ਦੇ ਕੇਸ ਵਿੱਚ ਫਸਾਉਣ ਦਾ ਡਰ ਦਿਖਾ ਕੇ ਪੈਸੇ ਵਸੂਲਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਗੰਭੀਰ ਧਾਰਾਵਾਂ ਦੀ ਥਾਂ ਆਮ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਖਾਨਾ ਪੂਰਤੀ ਕੀਤੀ ਹੈ। ਧਰਨੇ ਦੌਰਾਨ ਕੁਝ ਨੌਜਵਾਨਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਝੂਠੇ ਕੇਸਾਂ ਤੋਂ ਬਚਣ ਲਈ ਕਰਜ਼ਾ ਲੈ ਕੇ ਪੈਸੇ ਦਿੱਤੇ ਸਨ। ਮਗਰੋਂ ਭਾਜਪਾ ਆਗੂ ਗਗਨਦੀਪ ਸਿੰਘ ਕੈਂਥ ਦੀ ਦਖ਼ਲਅੰਦਾਜ਼ੀ ਵਿੱਚ ਉੱਚ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚਾਰ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਵਾਪਸ ਕਰਵਾਏ ਗਏ। ਨਿਹੰਗ ਜਥੇਬੰਦੀਆਂ ਨੇ ਮੁਲਜ਼ਮਾਂ ਅਤੇ ਇਸ ਮਾਮਲੇ ਵਿੱਚ ਸ਼ਾਮਲ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਭਰੋਸਾ ਮਿਲਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਤੇ ਬਾਈਪਾਸ ’ਤੇ ਆਵਾਜਾਈ ਮੁੜ ਬਹਾਲ ਹੋ ਗਈ।
ਥਾਣਾ ਡੇਹਲੋਂ ਦਾ ਐੱਸ ਐੱਚ ਓ ਲਾਈਨ ਹਾਜ਼ਰ
ਲੁਧਿਆਣਾ (ਗਗਨਦੀਪ ਅਰੋੜਾ ): ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਲਾਪ੍ਰਵਾਹੀ ਅਤੇ ਕਾਰਵਾਈ ਵਿੱਚ ਬੇਲੋੜੀ ਦੇਰੀ ਦੇ ਦੋਸ਼ਾਂ ਤਹਿਤ ਡੇਹਲੋਂ ਥਾਣੇ ਦੇ ਐੱਸ ਐੱਚ ਓ ਇੰਸਪੈਕਟਰ ਵਿਜੈ ਕੁਮਾਰ ਨੂੰ ਥਾਣਾ ਮੁਖੀ ਦੇ ਅਹੁਦੇ ਤੋਂ ਹਟਾ ਕੇ ਪੁਲੀਸ ਲਾਈਨ ਭੇਜ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਮਾਮਲਾ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਗੋਪਾਲਪੁਰ ਸਥਿਤ ਦਾਣਾ ਮੰਡੀ ਨੇੜਲੇ ਸੁੰਨਸਾਨ ਪਲਾਟ ਵਿੱਚ ਤਿੰਨ ਨੌਜਵਾਨਾਂ ਵੱਲੋਂ ਨਸ਼ੇ ਦੀ ਵਰਤੋਂ ਕਰਨ ਦਾ ਹੈ। ਜਾਂਚ ਦੌਰਾਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਜੈ ਸ਼ਰਮਾ, ਆਕਾਸ਼ਦੀਪ ਤੇ ਗੁਰਕੀਰਤ ਸਿੰਘ ਵਜੋਂ ਹੋਈ ਸੀ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਪੰਜਾਬ ਪੁਲੀਸ ਦੇ ਲੋਗੋ ਵਾਲੀ ਟੀ-ਸ਼ਰਟ ਅਤੇ ਖ਼ਾਕੀ ਪੈਂਟ ਪਾਈ ਹੋਈ ਸੀ, ਜਿਸ ਕਾਰਨ ਲੋਕ ਉਨ੍ਹਾਂ ਨੂੰ ਪੁਲੀਸ ਮੁਲਾਜ਼ਮ ਸਮਝ ਰਹੇ ਸਨ। ਹਾਲਾਂਕਿ ਉੱਚ ਪੁਲੀਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਸੀ ਕਿ ਮੁਲਜ਼ਮਾਂ ਦਾ ਪੁਲੀਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਮਹਿਜ਼ ਰੋਹਬ ਜਮਾਉਣ ਲਈ ਇਹ ਪਹਿਰਾਵਾ ਪਾ ਕੇ ਘੁੰਮ ਰਹੇ ਸਨ। ਮਾਮਲੇ ਦੀ ਅਗਲੀ ਵਿਭਾਗੀ ਜਾਂਚ ਜਾਰੀ ਹੈ।

