ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਜਨਵਰੀ
ਸ਼ਹਿਰ ਵਿਚੋਂ ਲੰਘਦੇ ਛੇ-ਮਾਰਗੀ ਕੌਮੀ ਸ਼ਾਹ ਮਾਰਗ ਦੇ ਪੁਲ ਹੇਠਾਂ ਬਣਾਏ ਕੂੜੇ ਦੇ ਸਥਾਈ ਡੰਪਾਂ ਕਾਰਨ ਪੁਲ ਧੱਸਣ ਕਾਰਨ ਟਰੈਫ਼ਿਕ ਜਾਮ ਹੋ ਰਿਹਾ ਹੈ ਅਤੇ ਰੋਜ਼ਾਨਾ ਹਾਦਸਿਆਂ ਕਾਰਨ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਕੂੜੇ ਦੇ ਡੰਪਾਂ ’ਚ ਪਲਦੇ ਚੂਹੇ ਤੇ ਹੋਰ ਜਾਨਵਰ ਪੁਲਾਂ ਦੀ ਮਿੱਟੀ ਨੂੰ ਖੋਰਾ ਲਾ ਕੇ ਪੁਲ ਦਾ ਕੋਈ ਨਾ ਕੋਈ ਹਿੱਸਾ ਡਿੱਗਾ ਦਿੰਦੇ ਹਨ। ਪੁਲਾਂ ਦੀ ਮੁਰੰਮਤ ਸਮੇਂ ਟਰੈਫ਼ਿਕ ਜਾਮ ਕਾਰਨ ਸੜਕ ਹਾਦਸੇ ਵਾਪਰਦੇ ਹਨ ਤੇ ਹੁਣ ਤੱਕ ਕਈ ਲੋਕ ਆਪਣੀ ਕੀਮਤੀ ਜਾਨ ਗੁਆ ਬੈਠੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਸਲ ਇਨ੍ਹਾਂ ਪੁਲਾਂ ਹੇਠੋਂ ਕੂੜੇ ਦੇ ਡੰਪ ਹਟਾਉਣ ਲਈ ਤਿਆਰ ਨਹੀਂ ਹੈ। ਇੱਥੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ.ਡੀ. ਬਾਂਸਲ ਨੇ ਕਿਹਾ ਕਿ ਸ਼ਹਿਰ ਵਿੱਚ ਜੀ ਟੀ ਰੋਡ ਦੇ ਪੁਲ ਹੇਠਾਂ ਬਣਾਏ ਕੂੜੇ ਦੇ ਡੰਪ ਸ਼ਹਿਰ ਲਈ ਵੱਡੀ ਸਮੱਸਿਆ ਬਣ ਚੁੱਕੇ ਹਨ। ਉਨ੍ਹਾਂ ਦੀ ਸੰਸਥਾ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਖੰਨਾ ਸ਼ਹਿਰ ਨਾਲ ਸਬੰਧਤ ਅੰਬਾਲਾ ਯੂਨਿਟ ਨੂੰ ਕਈ ਵਾਰ ਲਿਖ਼ਤੀ ਭੇਜਿਆ ਹੈ ਕਿ ਪੁਲਾਂ ਹੇਠ ਬਣੇ ਕੂੜੇ ਦੇ ਡੰਪ ਨਗਰ ਕੌਂਸਲ ਤੋਂ ਕਿਸੇ ਹੋਰ ਜਗ੍ਹਾ ਸ਼ਿਫ਼ਟ ਕਰਵਾਏ ਜਾਣ ਤਾਂ ਜੋ ਲਗਾਤਾਰ ਹੋ ਰਿਹਾ ਪੁਲਾਂ ਦਾ ਨੁਕਸਾਨ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕੂੜੇ ਦੇ ਡੰਪ ਸਿਫ਼ਟ ਕਰਵਾਏ ਹੁੰਦੇ ਤਾਂ ਅੱਜ ਇਹ ਨੁਕਸਾਨ ਨਾ ਹੁੰਦੇ।
ਮਾਮਲੇ ’ਚ ਬਣਦੀ ਕਾਰਵਾਈ ਕਰਾਂਗੇ: ਡਿਵੀਜ਼ਨਲ ਕਮਿਸ਼ਨਰ
ਖੰਨਾ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੇ ਫਲਾਈਓਵਰ ਨੂੰ ਐਲੀਵੇਟਿਡ ਬਣਾਉਣ ’ਤੇ ਵੀ ਗੰਭੀਰਤਾ ਨਾਲ ਵਿਚਾਰ ਚੱਲ ਰਿਹਾ ਹੈ। ਇਸ ਸਬੰਧੀ ਏਡੀਸੀ ਦਫ਼ਤਰ ਪੁੱਜੇ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਕਿਹਾ ਕਿ ਮਿੱਟੀ ਧੱਸਣ ਨਾਲ ਮੌਜੂਦਾ ਫਲਾਈਓਵਰ ਦਾ ਧੱਸਣਾ ਗੰਭੀਰ ਮਸਲਾ ਹੈ ਜਿਸ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।