ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੂਨ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ-6 ਤਹਿਤ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਏ ਕੇ ਸ਼ਰਮਾ ਵੱਲੋਂ ਕਣਕ ਵੰਡ ਦੀ ਜਾਂਚ ਕੀਤੀ ਗਈ। ਉਨ੍ਹਾਂ ਪਿੰਡ ਪਮਾਲ ਅਤੇ ਬੀਰਮੀ ਵਿਚ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਤੇ ਫੂਡ ਕਮਿਸ਼ਨ ਕੌਮੀ ਅੰਨ ਸੁਰੱਖਿਆ ਕਾਨੂੰਨ ਦਾ ਜ਼ਮੀਨੀ ਪੱਧਰ ’ਤੇ ਲਾਗੂ ਹੋਣਾ ਯਕੀਨੀ ਬਣਾਉਣ ਦਾ ਪਾਬੰਦ ਹੈ ਅਤੇ ਲਾਭਪਾਤਰੀਆਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਈ ਜਾਵੇਗੀ। ਫੂਡ ਕਮਿਸ਼ਨ ਮੈਂਬਰ ਨੇ ਪਿੰਡ ਪਮਾਲ ਦੇ ਸਰਪੰਚ ਜੱਗੀ ਪਮਾਲ ਅਤੇ ਪਿੰਡ ਬੀਰਮੀ ਦੀ ਨਿਗਰਾਨ ਕਮੇਟੀ ਤੋਂ ਵੀ ਕਣਕ ਦੀ ਕੀਤੀ ਜਾ ਰਹੀ ਵੰਡ ਸਬੰਧੀ ਜਾਣਕਾਰੀ ਲਈ। ਏਕੇ ਸ਼ਰਮਾ ਵੱਲੋਂ ਵਿਭਾਗ ਦੇ ਸਬੰਧਤ ਸਟਾਫ ਨੂੰ ਅਨਾਜ ਦੀ ਵੰਡ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਰਨ ਲਈ ਕਿਹਾ ਗਿਆ। ਉਨ੍ਹਾਂ ਕਣਕ ਦੀ ਕੁਆਲਟੀ ਅਤੇ ਮਿਕਦਾਰ ਨੂੰ ਲੋੜਵੰਦਾਂ ਨੂੰ ਯਕੀਨੀ ਬਣਾਉਣ ਅਤੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਨਿਰਪਕਸ਼ ਮੱਟੂ, ਨਿਰੀਖਕ ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸਿਮਰਤ ਸਿੰਘ ਨੂੰ ਪੜਤਾਲ ਦੌਰਾਨ ਬੁਲਾਇਆ ਅਤੇ ਹਦਾਇਤ ਕੀਤੀ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ ਅਤੇ ਲਾਈਨ ਵਿਚ ਲੱਗੇ ਖਪਤਕਾਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ।