ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 6 ਮਾਰਚ
ਅੱਜ ਇਥੇ ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਅਤੇ ਟਰਾਂਸਕੋ ਡਿਵੀਜ਼ਨ ਦੋਰਾਹਾ ਦੇ ਮੈਂਬਰਾਂ ਦੀ ਇਕੱਤਰਤਾ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਕੁਮਾਰ ਵਿਨਾਇਕ ਅਤੇ ਤਰਸੇਮ ਲਾਲ ਨੇ ਕਿਹਾ ਕਿ ਪਾਵਰਕੌਮ ਅਤੇ ਟਰਾਂਸਕੋ ਮੈਨੇਜਮੈਂਟ ਜਥੇਬੰਦੀ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਟਾਮ ਮਟੌਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਸਿਰਫ਼ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਈ ਹੈ ਪਰ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਬੰਸ ਸਿੰਘ ਦੋਬੁਰਜੀ, ਹਰਚਰਨ ਸਿੰਘ ਗਰੇਵਾਲ ਅਤੇ ਰਾਮ ਕ੍ਰਿਸ਼ਨ ਨੇ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਰੱਦ ਕਰਕੇ 15 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਯੋਗਤਾ ਦੇ ਅਧਾਰ ’ਤੇ ਪੱਕਾ ਕੀਤਾ ਜਾਵੇ, ਬਿਨਾਂ ਸ਼ਰਤ ਪੱਕੀ ਭਰਤੀ ਕੀਤੀ ਜਾਵੇ, ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ, ਦਸੰਬਰ 2015 ਤੋਂ ਸੇਵਾ ਮੁਕਤ ਕਾਮਿਆਂ ਦੀ 2.59 ਪ੍ਰਤੀਸ਼ਤ ਨਾਲ ਪੈਨਸ਼ਨ ਸੋਧ ਕੇ ਬਣਦਾ ਬਕਾਇਆ ਇਕ ਵਾਰ ਵਿੱਚ ਦਿੱਤਾ ਜਾਵੇ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਬੁਢਾਪਾ ਅਲਾਊਸ ਬੇਸਿਕ ਪੈਨਸ਼ਨ ਵਿੱਚ ਜੋੜਿਆ ਜਾਵੇ, ਬਿਜਲੀ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ, 23 ਸਾਲਾਂ ਪ੍ਰੋਮੋਸਨਲ ਇਨਕਰੀਮੈਂਟ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਆਗੂਆਂ ਨੇ ਪੈਨਸ਼ਨਰਾਂ ਅਤੇ ਰੈਗੂਲਰ ਮੁਲਾਜ਼ਮ ਵਿੱਚ ਪੈਨਸ਼ਨਾਂ ਤੇ ਸਕੇਲਾਂ ਦੇ ਬਕਾਏ ਸਬੰਧੀ ਨੋਟੀਫ਼ਿਕੇਸ਼ਨ ਕਰਕੇ ਵੰਡ ਪਾਉਣ ਦੀ ਨੀਤੀ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਕਰਕੇ ਇਕ ਵਾਰ ਵਿੱਚ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਣਦਾ ਬਕਾਇਆ ਦਿੱਤਾ ਜਾਵੇ। ਇਸ ਮੌਕੇ ਰਕੇਸ਼ ਕੁਮਾਰ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਸਾਂਗਾ ਰਾਮ, ਸਿਕੰਦਰ ਸਿੰਘ, ਰਾਮ ਸਰੂਪ, ਨਛੱਤਰ ਸਿੰਘ ਆਦਿ ਹਾਜ਼ਰ ਸਨ।

