ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਸਤੰਬਰ
ਮੁੱਕੇਬਾਜ਼ੀ ਸਣੇ ਹੋਰਾਂ ਖੇਡਾਂ ਵਿੱਚ ਨਾਮਣਾ ਖੱਟਣ ਵਾਲੀ ਸ਼ੇਰੇ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਕੌਮਾਂਤਰੀ ਪੱਧਰ ਦੇ ਮੁੱਕੇਬਾਜ਼ ਸੁਖਦੀਪ ਸਿੰਘ ਚੱਕਰੀਆ ਦੇ ਕੈਨੇਡਾ ’ਚ ਖੇਡਦੇ ਹੋਏ ਆਪਣੀ 16ਵੀਂ ਫਾਈਟ ਜਿੱਤਣ ’ਤੇ ਖੁਸ਼ੀ ਮਨਾਈ ਗਈ। ਇਸੇ ਤਰ੍ਹਾਂ ਪਿੰਡ ਦੇ ਹੀ ਹਰਮਨ ਸਿੰਘ ਸਿੱਧੂ ਦੇ ਦੋਆਬਾ ਐੱਫਸੀ ’ਚ ਖੇਡਦਿਆਂ ਪੰਜਾਬ ਸੁਪਰ ਲੀਗ ਵਿੱਚ ਬਿਹਤਰੀਨ ਪ੍ਰਦਰਸ਼ਨ ’ਤੇ ਵੀ ਲੱਡੂ ਵੰਡੇ ਗਏ। ਅਕੈਡਮੀ ਨੇ ਪਿੰਡ ਵਿੱਚ ਇਕ ਸਾਦਾ ਸਮਾਗਮ ਕਰਵਾ ਕੇ ਦੋਵਾਂ ਮੁੱਕੇਬਾਜ਼ਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ। ਅਕੈਡਮੀ ਪ੍ਰਬੰਧਕਾਂ ਨੇ ਇਕੱਤਰ ਖਿਡਾਰੀਆਂ ਦੇ ਮਾਪਿਆਂ, ਪਿੰਡ ਦੇ ਮੋਹਤਬਰਾਂ ਤੇ ਖਿਡਾਰੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਅਕੈਡਮੀ ਨੇ ਆਲਮੀ ਪੱਧਰ ’ਤੇ ਮੁੱਕੇਬਾਜ਼ੀ ਵਿੱਚ ਨਾਮਣਾ ਖੱਟਿਆ ਅਤੇ ਕਈ ਬਿਹਤਰ ਖਿਡਾਰੀ ਦਿੱਤੇ ਹਨ। ਇਸ ਮੌਕੇ ਕੋਚ ਖੁਸ਼ਦੀਪਕ ਬਾਵਾ, ਜਗਸੀਰ, ਮਨਜੀਤ ਸਿੰਘ ਜੈਦ, ਜਿੰਦਰ ਸਿੰਘ, ਪੰਚ ਸੋਹਣ ਸਿੰਘ ਆਦਿ ਮੌਜੂਦ ਸਨ।