ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਗਿੱਲ ਰੋਡ ਵਿੱਚ ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਮਾਰਕੀਟ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਹੇਠ ਮਤਾ ਪਾਸ ਕਰਕੇ ਮਾਰਕੀਟ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਉਣ ਦੀ ਮੰਗ ਕੀਤੀ ਗਈ। ਸ੍ਰੀ ਸਲੂਜਾ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ ਛੇ ਸਾਥੀ ਦੇਸ਼ ਭਗਤਾਂ ਸਮੇਤ ਸ਼ਹਾਦਤ ਦਾ ਜਾਮ ਪੀਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਬੇਸ਼ੱਕ ਹਜ਼ਾਰਾਂ ਨੌਜਵਾਨਾਂ ਨੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ ਪਰ ਉਨ੍ਹਾਂ ਵਿੱਚੋਂ ਇੱਕ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ, ਜਿਸਨੇ ਆਪਣੀ ਵੱਖਰੀ ਪਛਾਣ ਬਣਾਈ। ਸ੍ਰੀ ਸਲੂਜਾ ਨੇ ਕਿਹਾ ਕਿ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦਾਂ ਦੇ ਦਿਹਾੜੇ ਮਨਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸ਼ਹੀਦਾਂ ਵੱਲੋਂ ਦਿੱਤੀ ਗਈ ਸ਼ਹਾਦਤ ਤੋਂ ਜਾਣੀ ਕਰਵਾਉਣਾ ਹੈ। ਇਸ ਮੌਕੇ ਰਾਜਿੰਦਰ ਸਿੰਘ ਡੰਗ, ਜਤਿੰਦਰ ਸਿੰਘ ਬੌਬੀ, ਪ੍ਰਿਤਪਾਲ ਸਿੰਘ ਪੱਪੂ ਡੰਗ, ਦਮਨਦੀਪ ਸਿੰਘ ਸਲੂਜਾ, ਸੁਰਜੀਤ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਨੂਪੀ, ਐਡਵੋਕੇਟ ਹਰਕਮਲ ਸਿੰਘ, ਐਡਵੋਕੇਟ ਗੁਰਜੋਤ ਸਿੰਘ, ਸੀ ਏ ਰਾਜੀਵ ਬਾਂਸਲ, ਨਰਿੰਦਰ ਸਿੰਘ ਚੌਹਾਨ, ਰਾਜੂ ਗਾਬਾ, ਰਮੇਸ਼ ਕੁਮਾਰ ਮੇਸ਼ੀ, ਪ੍ਰਿੰਸ ਨਾਰੰਗ, ਸੁਸ਼ੀਲ ਵਿੱਜ ਅਤੇ ਅਸ਼ੋਕ ਚੁੱਘ ਵੀ ਹਾਜ਼ਰ ਸਨ।
ਵਿਧਾਇਕ ਗਰੇਵਾਲ ਵੱਲੋਂ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ
ਲੁਧਿਆਣਾ (ਸਤਵਿੰਦਰ ਬਸਰਾ): ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਾਈ ਵਾਲਾ ਚੌਕ ਸਥਿਤ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਨ। ਇਸ ਮੌਕੇ ਕੌਂਸਲਰ ਸੁਖਮੇਲ ਗਰੇਵਾਲ, ਅਸ਼ਵਨੀ ਸ਼ਰਮਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਅਨੁਜ ਚੌਧਰੀ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਜਗਜੀਤ ਗਰੇਵਾਲ, ਭੂਸ਼ਨ ਸ਼ਰਮਾ, ਕੌਂਸਲਰ ਸੁਰਜੀਤ ਠੇਕੇਦਾਰ, ਸੁਖਵੰਤ ਸਿੰਘ ਸੁੱਖਾ, ਰਾਮੇਸ਼ ਪਿੰਕਾ, ਇੰਦਰਦੀਪ ਮਿੰਕੂ, ਸੁਰਿੰਦਰ ਮਦਾਨ, ਬਾਬੂ ਲਾਲ ਸ਼ਰਮਾ, ਇੰਦਰਪ੍ਰੀਤ ਗੱਗੂ, ਰਮਨਦੀਪ ਕੌਰ, ਮੰਨੂ ਗਰੇਵਾਲ, ਗੱਗੀ ਸ਼ਰਮਾ, ਸੋਨੂੰ ਗਿੱਲ, ਵਿੱਕੀ ਵਰਮਾ, ਅੰਕੁਰ ਗੁਲਾਟੀ, ਮਨਵੀਰ ਸੰਧੂ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।
ਸ਼ਰਧਾਂਜਲੀ ਸਮਾਗਮ ਮੌਕੇ ਸੁਰੱਖਿਆ ਸਖ਼ਤ
ਗੁਰੂਸਰ ਸੁਧਾਰ (ਸੰਤੋਖ ਗਿੱਲ): ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਅਤੇ ਮੁਲਾਜ਼ਮ ਜਾਂ ਜਨਤਕ ਜਥੇਬੰਦੀ ਵੱਲੋਂ ਕਿਸੇ ਕਿਸਮ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲੀਸ ਨੇ ਸੁਰੱਖਿਆ ਦਾ ਸਖ਼ਤ ਬੰਦੋਬਸਤ ਕੀਤਾ ਹੋਇਆ ਸੀ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਸਤਿੰਦਰ ਸਿੰਘ ਡੀ ਆਈ ਜੀ ਲੁਧਿਆਣਾ ਰੇਂਜ ਅਤੇ ਡਾ. ਅੰਕੁਰ ਗੁਪਤਾ ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ (ਦਿਹਾਤੀ) ਖ਼ੁਦ ਕਰ ਰਹੇ ਸਨ। ਲੁਧਿਆਣਾ ਦਿਹਾਤੀ ਤੋਂ ਇਲਾਵਾ ਲੁਧਿਆਣਾ ਕਮਿਸ਼ਨਰੇਟ ਅਤੇ ਜਲੰਧਰ ਜ਼ਿਲ੍ਹੇ ਤੋਂ ਵੀ ਪੁਲੀਸ ਮੁਲਾਜ਼ਮ ਅਤੇ ਅਧਿਕਾਰੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ। ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕਾਰਨ ਸੀਨੀਅਰ ਪੁਲੀਸ ਅਧਿਕਾਰੀ ਕਾਫ਼ੀ ਨੇੜਿਓਂ ਨਜ਼ਰ ਰੱਖ ਰਹੇ ਸਨ। ਉੱਧਰ, ਹਵਾਈ ਅੱਡੇ ਨੂੰ ਜ਼ਮੀਨ ਦੇਣ ਵਾਲੇ ਪੀੜਤ ਕਿਸਾਨਾਂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਦੀ ਸੂਚਨਾ ਮਿਲਣ ਮਗਰੋਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਨੇ ਐਤੀਆਣਾ ਦੇ ਕਿਸਾਨਾਂ ਤੋਂ ਮੰਗ-ਪੱਤਰ ਹਾਸਲ ਕਰ ਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਇੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੰਗ-ਪੱਤਰ ਦੇਣ ਪਹੁੰਚੇ ਕਿਸਾਨਾਂ ਦੇ ਵਫ਼ਦ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

