Residents Oppose Firecracker Market: ਖੇਡ ਮੈਦਾਨ ’ਚ ਪਟਾਕਿਆਂ ਦੀ ਵਿਕਰੀ ਸਬੰਧੀ ਮਨਜ਼ੂਰੀ ਰੱਦ ਕਰਨ ਦੀ ਮੰਗ
ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡ ਭੱਟੀਆਂ ਦੇ ਖੇਡ ਮੈਦਾਨ ਵਿੱਚ ਹਰ ਸਾਲ ਪਟਾਕੇ ਵੇਚਣ ਲਈ ਦਿੱਤੀ ਜਾਣ ਵਾਲੀ ਮਨਜ਼ੂਰੀ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ। ਇਲਾਕੇ ਦੇ ਨੌਜਵਾਨਾਂ ਨੇ ਖੇਡ ਮੈਦਾਨ ਵਿੱਚ ਪਟਾਕਿਆਂ ਦੀ ਵਿਕਰੀ ਦਾ ਵਿਰੋਧ ਕਰਦਿਆਂ ਨਗਰ ਕੌਂਸਲ ਅਤੇ...
ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡ ਭੱਟੀਆਂ ਦੇ ਖੇਡ ਮੈਦਾਨ ਵਿੱਚ ਹਰ ਸਾਲ ਪਟਾਕੇ ਵੇਚਣ ਲਈ ਦਿੱਤੀ ਜਾਣ ਵਾਲੀ ਮਨਜ਼ੂਰੀ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ। ਇਲਾਕੇ ਦੇ ਨੌਜਵਾਨਾਂ ਨੇ ਖੇਡ ਮੈਦਾਨ ਵਿੱਚ ਪਟਾਕਿਆਂ ਦੀ ਵਿਕਰੀ ਦਾ ਵਿਰੋਧ ਕਰਦਿਆਂ ਨਗਰ ਕੌਂਸਲ ਅਤੇ ਫਾਇਰ ਬ੍ਰਿਗੇਡ ਨੂੰ ਮੈਦਾਨ ਵਿੱਚ ਪਟਾਕੇ ਵੇਚਣ ਦੀ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਬਿਨਾਂ ਲਾਇਸੈਂਸ ਵਿਕਦੇ ਪਟਾਕਿਆਂ ’ਤੇ ਪਹਿਲਾਂ ਹੀ ਵਿਵਾਦ ਪੈਦਾ ਹੋ ਗਿਆ ਸੀ। ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿਚ ਪਟਾਕਿਆਂ ਦੇ ਵੱਡੇ ਸਟਾਕ ਜਮ੍ਹਾਂ ਕੀਤੇ ਜਾਣ ’ਤੇ ਸ਼ਰ੍ਹੇਆਮ ਵਿਕਰੀ ਕਰਨ ਦਾ ਦੋਸ਼ ਲਾਇਆ ਸੀ ਜਿਸ ਵਿੱਚ ਸਭ ਤੋਂ ਵੱਧ ਰੇਲਵੇ ਰੋਡ ਅਤੇ ਗੁਰਦੁਆਰਾ ਸਿੰਘ ਸਭਾ ਦੇ ਨੇੜਲੇ ਸੰਘਣੀ ਅਬਾਦੀ ਵਿੱਚ ਬਣੇ ਪਟਾਕਿਆਂ ਦੇ ਗੁਦਾਮਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਮੈਦਾਨ ਵਿੱਚ ਦਿੱਤੀ ਜਾਣ ਵਾਲੀ ਮਨਜ਼ੂਰੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਅਵਤਾਰ ਸਿੰਘ ਢਿੱਲੋਂ, ਬਚਿੱਤਰ ਸਿੰਘ, ਹਰਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਨੌਜਵਾਨਾਂ ਨੇ ਖੇਡ ਮੈਦਾਨ ਦੀ ਮੁਰੰਮਤ ਕਰਵਾਈ ਅਤੇ ਇਸ ਨੂੰ ਖੇਡਣਯੋਗ ਬਣਾਇਆ ਹੈ। ਵੱਡੀ ਗਿਣਤੀ ਵਿੱਚ ਛੋਟੇ ਬੱਚੇ ਅਤੇ ਨੌਜਵਾਨ ਰੋਜ਼ ਸਵੇਰੇ ਤੇ ਸ਼ਾਮ ਸਮੇਂ ਇੱਥੇ ਖੇਡਾਂ ਦਾ ਅਭਿਆਸ ਕਰਦੇ ਹਨ ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਖੇਡ ਮੈਦਾਨ ’ਤੇ ਪਟਾਕਾ ਬਾਜ਼ਾਰ ਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪਟਾਕੇ ਖਰੀਦਣ ਆਉਣ ਵਾਲੇ ਲੋਕ ਆਪਣੇ ਵਾਹਨ ਖੜ੍ਹੇ ਕਰ ਕੇ ਮੈਦਾਨ ਨੂੰ ਨੁਕਸਾਨ ਪਹੁੰਚਾਉਣਗੇ। ਵਸਨੀਕਾਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਭੱਟੀਆਂ ਮੈਦਾਨ ਵਿਚ ਪਟਾਕੇ ਬਾਜ਼ਾਰ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਮੌਕੇ ਸੁਖਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਜਸਕਰਨ, ਮਨਜਿੰਦਰ ਸਿੰਘ, ਰਣਵੀਰ ਸਿੰਘ, ਕਰਨਵੀਰ ਸਿੰਘ, ਹਰਮਨ ਸਿੰਘ, ਆਰਵ, ਹਰਸ਼ਦੀਪ ਸਿੰਘ, ਜਸਦੀਪ ਸਿੰਘ, ਹਰਜੋਤ ਸਿੰਘ, ਗੁਰਿੰਦਰ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ, ਮਨੀ ਕਲੇਰ ਆਦਿ ਹਾਜ਼ਰ ਸਨ। ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਐੱਨ ਓ ਸੀ ਹੀ ਦਿੱਤੀ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ ਲਿਖਿਆ ਗਿਆ ਹੈ ਕਿ ਉਹ ਕਾਨੂੰਨ ਅਨੁਸਾਰ ਦੇਖ ਲੈਣ ਕੀ ਕੀਤਾ ਜਾ ਸਕਦਾ ਹੈ।

