ਸਲੇਮਪੁਰਾ ਤੇ ਭਮਾਲ ਵਾਸੀਆਂ ਨੇ ਚਿੱਪ ਵਾਲੇ ਮੀਟਰ ਮੋੜੇ
ਕੇਂਦਰ ਸਰਕਾਰ ’ਤੇ ਬਿਜਲੀ ਸੋਧ ਬਿੱਲ ਰਾਹੀਂ ਗ਼ਰੀਬਾਂ ਕੋਲੋਂ ਬਿਜਲੀ ਸਹੂਲਤ ਖੋਹਣ ਦਾ ਦੋਸ਼
ਪਿੰਡਾਂ ਸਲੇਮਪੁਰਾ ਅਤੇ ਭਮਾਲ ਦੇ ਲੋਕਾਂ ਵੱਲੋਂ ਉਤਾਰੇ ਸਮਾਰਟ ਮੀਟਰ ਪਾਵਰਕੌਮ ਦਾ ਐੱਸ ਡੀ ਓ ਸਿੱਧਵਾਂ ਬੇਟ ਲੈਣ ਤੋਂ ਇਨਕਾਰੀ ਹੋ ਗਿਆ। ਉਪਰੰਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਦੀ ਅਗਵਾਈ ਵਿੱਚ ਸਿੱਧਵਾਂ ਬੇਟ, ਜਗਰਾਉਂ, ਹੰਬੜਾਂ ਬਲਾਕ ਦੇ ਕਿਸਾਨਾਂ ਮਜ਼ਦੂਰਾਂ ਨੇ ਜਗਰਾਉਂ ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਵਿੱਚ ਘਿਰਾਓ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਆਗੂ ਤਰਸੇਮ ਸਿੰਘ ਬੱਸੂਵਾਲ, ਬਲਾਕ ਪ੍ਰਧਾਨ ਸਿੱਧਵਾਂ ਬੇਟ ਜਗਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਭਮਾਲ, ਰਛਪਾਲ ਸਿੰਘ ਡੱਲਾ ਨੇ ਕਿਹਾ ਕਿ ਸੂਬੇ ਭਰ ਵਿੱਚ ਆਮ ਘਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਾ ਕੇ ਹਕੂਮਤ ਲੋਕਾਂ ਨੂੰ ਬਿਜਲੀ ਵਰਤਣ ਦੇ ਹੱਕ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਆਗਾਮੀ ਬਜਟ ਸੈਸ਼ਨ ਵਿੱਚ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਪਾਸ ਕਰਵਾ ਕੇ ਬਿਜਲੀ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਜਿਸ ਕਾਰਨ ਸਾਰੀਆਂ ਬਿਜਲੀ ਰਿਆਇਤਾਂ ਦਾ ਭੋਗ ਪੈ ਜਾਵੇਗਾ। ਕਾਰਪੋਰੇਟ ਮਰਜ਼ੀ ਨਾਲ ਬਿਜਲੀ ਦਰਾਂ ਵਧਾਉਣ ਲਈ ਆਜ਼ਾਦ ਹੋਣਗੇ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ, ਕਿਸਾਨ ਆਗੂ ਬੇਅੰਤ ਸਿੰਘ ਬਾਣੀਏਵਾਲ, ਨਿਰਮਲ ਸਿੰਘ ਭੰਮੀਪੁਰਾ, ਹਰਦੇਵ ਸਿੰਘ ਅਖਾੜਾ, ਮਨਜਿੰਦਰ ਸਿੰਘ ਸਲੇਮਪੁਰਾ ਨੇ ਕਿਹਾ ਕਿ ਹਾਕਮਾਂ ਨੇ ਮਗਨਰੇਗਾ ਸਕੀਮ ਖ਼ਤਮ ਕਰਕੇ ਮਜ਼ਦੂਰ ਜਮਾਤ ਤੋਂ ਆਖ਼ਰੀ ਬੁਰਕੀ ਵੀ ਖੋਹ ਲਈ ਹੈ। ਹੁਣ ਬਿਜਲੀ ਸੋਧ ਬਿੱਲ ਰਾਹੀਂ ਗਰੀਬਾਂ ਨੂੰ ਹਨੇਰੇ ਤੇ ਗਰਮੀ ਵਿੱਚ ਮਾਰਿਆ ਜਾਵੇਗਾ। ਇਸ ਸਮੇਂ ਸਦਰ ਥਾਣਾ ਦੇ ਪੁਲੀਸ ਅਧਿਕਾਰੀ ਦੀ ਹਾਜ਼ਰੀ ਵਿੱਚ ਚਾਲੀ ਘਰੇਲੂ ਮੀਟਰ ਕਾਰਜਕਾਰੀ ਇੰਜਨੀਅਰ ਮੰਡਲ ਪਾਵਰਕੌਮ ਜਗਰਾਉਂ ਦਫ਼ਤਰ ਰੱਖ ਗਏ ਅਤੇ ਮੰਗ ਕੀਤੀ ਗਈ ਕਿ ਪੁਰਾਣੇ ਮੀਟਰ ਲਾਏ ਜਾਣ। ਕਿਸਾਨ ਆਗੂ ਤੇਜਾ ਸਿੰਘ ਲੱਖਾ, ਹਰਜਿੰਦਰ ਸਿੰਘ ਡਾਂਗੀਆਂ, ਬੇਅੰਤ ਸਿੰਘ ਦੇਹੜਕਾ, ਚਮਕੌਰ ਸਿੰਘ ਚਚਰਾੜੀ, ਪ੍ਰਿਤਪਾਲ ਸਿੰਘ ਭੰਮੀਪੁਰਾ ਨੇ ਸਮੂਹ ਕਿਸਾਨਾਂ ਨੂੰ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਡੀ ਸੀ ਦਫ਼ਤਰ ਲੁਧਿਆਣਾ ਵਿੱਚ ਵਿਸ਼ਾਲ ਧਰਨੇ ਵਿੱਚ ਪੁੱਜਣ ਦਾ ਸੱਦਾ ਦਿੱਤਾ। ਅੱਜ ਦੇ ਧਰਨੇ ਵਿੱਚ ਇੱਕ ਮਤੇ ਰਾਹੀਂ ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਨ ਅਤੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਘਟਨਾ ਨੂੰ ਸਾਮਰਾਜੀ ਡਾਕਾ ਕਰਾਰ ਦਿੰਦਿਆਂ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।

