ਸਬਜ਼ੀ ਮੰਡੀ ’ਚੋਂ ਰੇਹੜੀਆਂ-ਫੜ੍ਹੀਆਂ ਹਟਾਈਆਂ

ਸਬਜ਼ੀ ਮੰਡੀ ’ਚੋਂ ਰੇਹੜੀਆਂ-ਫੜ੍ਹੀਆਂ ਹਟਾਈਆਂ

ਖੰਨਾ ਸ਼ਹਿਰ ਦੀ ਸਬਜ਼ੀ ਮੰਡੀ ਵਿੱਚੋਂ ਰੇਹੜੀਆਂ ਤੇ ਫਡ਼੍ਹੀਆਂ ਨੂੰ ਹਟਾਉਂਦੇ ਹੋਏ ਅਧਿਕਾਰੀ  ।

ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਅਗਸਤ

ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਬਜ਼ੀ ਮੰਡੀ ਵਿੱਚ ਖੜ੍ਹੀਆਂ ਰੇਹੜੀਆਂ-ਫੜ੍ਹੀਆਂ ਨੂੰ ਮਸ਼ੀਨ ਨਾਲ ਜ਼ਬਰੀ ਹਟਾਇਆ ਗਿਆ। ਇਸ ਨਾਲ ਮੰਡੀ ਵਿਚ ਵਿਵਾਦ ਹੋਰ ਭਖ਼ ਗਿਆ। ਕਮੇਟੀ ਅਧਿਕਾਰੀ ਰੇਹੜੀਆਂ ਨੂੰ ਕਿਸੇ ਹੋਰ ਥਾਂ ਖੜ੍ਹੀਆਂ ਕਰਨ ਲਈ ਕਹਿ ਰਹੇ ਸਨ। ਰੇਹੜੀ ਯੂਨੀਅਨ ਵੱਲੋਂ ਉਸ ਥਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਪਰ ਅਧਿਕਾਰੀ ਕੋਈ ਭਰੋਸਾ ਨਹੀਂ ਦੇ ਰਹੇ ਸਨ।  ਜ਼ਿਕਰਯੋਗ ਹੈ ਕਿ ਸਬਜ਼ੀ ਮੰਡੀ ਰੇਹੜੀ-ਫੜ੍ਹੀ ਯੂਨੀਅਨ ਵੱਲੋਂ ਕੱਲ੍ਹ ਸਬਜ਼ੀ ਖ਼ਰੀਦ ਦਾ ਬਾਈਕਾਟ ਕੀਤਾ ਗਿਆ, ਜਿਸ ਕਾਰਨ ਮੰਡੀ ਵਿੱਚ ਖਾਲੀ ਰੇਹੜੀਆਂ ਖੜ੍ਹੀਆਂ ਰਹੀਆਂ। ਇਸ ਸਬੰਧੀ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਰਾਜਿੰਦਰ ਸਿੰਘ ਜੀਤ, ਪਰਮਜੀਤ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਬਰਸਾਤ ਦਾ ਸੀਜ਼ਨ ਹੈ ਤੇ ਪਿੱਛੇ ਬਣਾਈ ਥਾਂ ’ਤੇ ਪੱਕਾ ਫਰਸ਼ ਨਹੀਂ ਲੱਗ ਜਾਂਦਾ, ਉਨਾ ਚਿਰ ਰੇਹੜੀ ਵਾਲਿਆਂ ਨੂੰ ਅੰਦਰ ਕਾਰੋਬਾਰ ਕਰਨ ਦੀ ਆਗਿਆ ਦਿੱਤੀ ਜਾਵੇ। ਅਧਿਕਾਰੀਆਂ ਵੱਲੋਂ ਪਹਿਲਾ ਕੋਈ ਕਾਰਵਾਈ ਨਾ ਕਰਨ ਦਾ ਅਕਾਲੀ ਦਲ ਆਗੂਆਂ ਤੇ ਰੇਹੜੀ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਪਰ ਅੱਜ ਜੇਸੀਬੀ ਲਾ ਕੇ ਰੇਹੜੀਆਂ ਹਟਵਾਈਆਂ ਗਈਆਂ। ਪੁਲੀਸ ਮੁਖੀ ਹਰਵਿੰਦਰ ਸਿੰਘ ਖਹਿਰਾ ਨੇ ਮੁਲਾਜ਼ਮਾਂ ਨਾਲ ਮਿਲ ਕੇ ਰੇਹੜੀਆਂ ਵਾਲਿਆਂ ਨੂੰ ਸ਼ਾਂਤ ਕੀਤਾ ਅਤੇ ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਪ੍ਰਧਾਨ ਸ਼ਾਮ ਲਾਲ, ਕਮਲਜੀਤ ਸਿੰਘ, ਗੁਰਜੀਤ ਕੁਮਾਰ, ਜੈ ਰਾਮ, ਗਗਨਦੀਪ ਸਿੰਘ, ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਬਨਵਾਰੀ ਲਾਲ, ਰਾਮ ਲਾਲ ਆਦਿ ਹਾਜ਼ਰ ਸਨ।            

ਮੰਡੀ ਅੰਦਰ ਰੇਹੜੀਆਂ ਨਹੀਂ ਲਗਾਈਆਂ ਜਾ ਸਕਦੀਆਂ: ਸਕੱਤਰ

ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਦੇ ਆਦੇਸ਼ਾਂ ਅਨੁਸਾਰ ਅੰਦਰ ਰੇਹੜੀਆਂ ਨਹੀਂ ਲਾਈਆਂ ਜਾ ਸਕਦੀਆਂ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All