ਮੀਂਹ ਮਗਰੋਂ ਗਰਮੀ ਤੋਂ ਮਿਲੀ ਰਾਹਤ

ਤਾਪਮਾਨ 33 ਡਿਗਰੀ ’ਤੇ ਪਹੁੰਚਿਆ; ਕਈ ਥਾਈਂ ਸੜਕਾਂ ’ਤੇ ਪਾਣੀ ਖੜ੍ਹਿਆ

ਮੀਂਹ ਮਗਰੋਂ ਗਰਮੀ ਤੋਂ ਮਿਲੀ ਰਾਹਤ

ਸ਼ਨਿੱਚਰਵਾਰ ਪਏ ਮੀਂਹ ਕਾਰਨ ਲੁਧਿਆਣਾ ਦੀਆਂ ਸੜਕਾਂ ’ਤੇ ਖੜ੍ਹਾ ਪਾਣੀ। ਫੋਟੋ: ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 5 ਜੁਲਾਈ

ਲੁਧਿਆਣਾ ਤੇ ਆਸਪਾਸ ਦੇ ਇਲਾਕਿਆਂ ’ਚ ਸ਼ਨਿਚਰਵਾਰ ਦੇਰ ਰਾਤ ਪਏ ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਵਧ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਪਰ ਐਤਵਾਰ ਸਾਰਾ ਦਿਨ ਸੂਰਜ ਤੇ ਬੱਦਲ ਲੁਕਣਮੀਟੀ ਖੇਡਦੇ ਰਹੇ। ਸ਼ਨਿਚਰਵਾਰ ਪਏ ਮੀਂਹ ਮਗਰੋਂ ਲੁਧਿਆਣਾ ਤੇ ਆਸ-ਪਾਸ ਦੇ ਇਲਾਕਿਆਂ ’ਚ ਤਾਪਮਾਨ 36.6 ਡਿਗਰੀ ਤੋਂ ਘੱਟ ਕੇ 33 ਡਿਗਰੀ ਤੱਕ ਆਗਿਆ।

ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਗਰਮ ਰਹਿੰਦੇ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਸੀ। ਇਸ ਦੌਰਾਨ ਭਾਵੇਂ ਮੌਸਮ ਵਿਭਾਗ ਵੱਲੋਂ ਪਹਿਲਾਂ 25 ਅਤੇ 26 ਜੂਨ ਨੂੰ ਮੀਂਹ ਪੈਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਪਰ ਇਨ੍ਹਾਂ ਦਿਨਾਂ ਵਿੱਚ ਵੀ ਮੀਂਹ ਨਾ ਆਉਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਵੇਂ ਸ਼ਨਿੱਚਰਵਾਰ ਦਾ ਸਾਰਾ ਦਿਨ ਆਮ ਦਿਨਾਂ ਦੀ ਤਰ੍ਹਾਂ ਪੂਰੀ ਗਰਮੀ ਰਹੀ ਪਰ ਰਾਤ ਕਰੀਬ 9 ਕੁ ਵਜੇ ਹਨੇਰੀ ਤੋਂ ਬਾਅਦ ਆਏ ਤੇਜ਼ ਮੀਂਹ ਨੇ ਲੋਕਾਂ ਨੂੰ ਭਰਵੀਂ ਠੰਢਕ ਦਿੱਤੀ। ਲੁਧਿਆਣਾ ਵਿੱਚ ਪਿਛਲੇ ਦਿਨਾਂ ਦੌਰਾਨ ਜਿਹੜਾ ਤਾਪਮਾਨ 37 ਤੋਂ 40 ਡਿਗਰੀ ਸੈਲਸੀਅਸ ਚੱਲ ਰਿਹਾ ਸੀ ਇਸ ਮੀਂਹ ਤੋਂ ਬਾਅਦ 33 ਡਿਗਰੀ ਸੈਲਸੀਅਤ ਤੱਕ ਪਹੁੰਚ ਗਿਆ।

ਦੂਜੇ ਪਾਸੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਐਤਵਾਰ ਸਵੇਰੇ ਵੀ ਕੁੱਝ ਸਮਾਂ ਬੱਦਲਵਾਈ ਰਹੀ ਪਰ ਬਾਕੀ ਸਾਰਾ ਦਿਨ ਕਦੇ ਬੱਦਲ ਅਤੇ ਕਦੇ ਸੂਰਜ ਦੀ ਚਮਕ ਨੇ ਲੋਕਾਂ ਨੂੰ ਦੁਚਿੱਤੀ ਵਿੱਚ ਪਾਈ ਰੱਖਿਆ। ਸਾਰਾ ਦਿਨ ਭਾਵੇਂ ਪਿਛਲੇ ਦਿਨਾਂ ਵਰਗੀ ਗਰਮੀ ਨਹੀਂ ਸੀ ਪਰ ਸਲ੍ਹਾਬੇ ਕਰਕੇ ਬਣੀ ਹੁੰਮਸ ਨੇ ਸਾਰਾ ਦਿਨ ਆਮ ਜਨ ਜੀਵਨ ਪ੍ਰਭਾਵਿਤ ਰਿਹਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All