ਪਿੱਤੇ ਦੀ ਪੱਥਰੀ ਦੇ 200 ਅਪਰੇਸ਼ਨ ਕਰ ਕੇ ਰਿਕਾਰਡ ਬਣਾਇਆ
ਸਰਕਾਰੀ ਹਸਪਤਾਲ ਦੇ ਐੱਸ ਐੱਮ ਓ ਡਾ. ਭਸੀਨ ਨੇ 9 ਮਹੀਨੇ ’ਚ ਕੀਤੇ ਅਪਰੇਸ਼ਨ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਮੁਹਿੰਮ ਜ਼ਮੀਨੀ ਪੱਧਰ ’ਤੇ ਵੱਡੇ ਬਦਲਾਅ ਲੈ ਕੇ ਆਈ ਹੈ, ਜਿੱਥੇ ਇਕ ਪਾਸੇ ਸਰਕਾਰੀ ਹਸਪਾਤਲਾਂ ਦੀ ਦਿੱਖ ਬਦਲ ਰਹੀ ਹੈ ਉੱਥੇ ਦੂਜੇ ਪਾਸੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮੁਫ਼ਤ ਮਿਲ ਰਿਹਾ ਹੈ। ਸਿਹਤ ਕ੍ਰਾਂਤੀ ਮੁਹਿੰਮ ਦੀ ਸ਼ਾਨਦਾਰ ਮਿਸਾਲ ਖੰਨਾ ਦਾ ਸਰਕਾਰੀ ਹਸਪਤਾਲ ਵਿੱਚ ਦੇਖਣ ਨੂੰ ਮਿਲੀ ਜਿੱਥੇ ਐੱਸ ਐੱਮ ਓ ਡਾ. ਮਨਿੰਦਰ ਸਿੰਘ ਭਸੀਨ ਨੇ ਰਿਕਾਰਡ ਸਥਾਪਤ ਕੀਤਾ ਹੈ। ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ 9 ਮਹੀਨਿਆਂ ਦੌਰਾਨ ਐੱਸ ਐੱਮ ਓ ਡਾ. ਭਸੀਨ ਵੱਲੋਂ ਦੂਰਬੀਨ ਲੈਪ੍ਰੋਸਕੋਪਿਕ ਤਰੀਕੇ ਨਾਲ ਪਿੱਤੇ ਦੀ ਪੱਥਰੀ ਦੇ 200 ਸਫ਼ਲ ਅਪਰੇਸ਼ਨ ਕੀਤੇ ਗਏ ਹਨ ਜੋ ਰਿਕਾਰਡ ਮੰਨੇ ਜਾ ਰਹੇ ਹਨ। ਇੰਨਾ ਹੀ ਨਹੀਂ ਪੂਰੇ ਸਾਲ 2025 ਦੌਰਾਨ ਐੱਸ ਐੱਮ ਓ ਡਾ. ਭਸੀਨ ਨੇ ਹਸਪਤਾਲ ਵਿਚ ਕੁੱਲ 281 ਅਪਰੇਸ਼ਨ ਕੀਤੇ ਜਿਨ੍ਹਾਂ ਵਿਚੋਂ 200 ਦੂਰਬੀਨ ਨਾਲ ਹੋਏ। ਜੇਕਰ ਇਹ ਅਪਰੇਸ਼ਨ ਨਿੱਜੀ ਹਸਪਤਾਲਾਂ ਵਿਚ ਕਰਵਾਏ ਜਾਂਦੇ ਤਾਂ ਮਰੀਜ਼ਾਂ ਨੂੰ 40 ਤੋਂ 45 ਹਜ਼ਾਰ ਪ੍ਰਤੀ ਅਪਰੇਸ਼ਨ ਤੱਕ ਦਾ ਖਰਚਾ ਪੈਂਦਾ ਪਰ ਪੰਜਾਬ ਸਰਕਾਰ ਦੀ ਆਯੂਸ਼ਮਾਨ ਭਾਰਤ ਸਕੀਮ ਤਹਿਤ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਇਹ ਅਪਰੇਸ਼ਨ ਮੁਫ਼ਤ ਕੀਤੇ ਗਏ ਹਨ। ਡਾ. ਭਸੀਨ ਨੇ ਦੱਸਿਆ ਕਿ ਉਹ ਸਾਲ 1995 ਬੈਂਚ ਦੇ ਸਰਜਨ ਹਨ ਅਤੇ ਪਿਛਲੇ 30 ਸਾਲਾਂ ਤੋਂ ਸਰਜਰੀ ਕਰ ਰਹੇ ਹਨ ਤੇ 27 ਸਾਲਾਂ ਤੋਂ ਸਿਵਲ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਡਾ. ਭਸੀਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਿਹਤ ਸਕੀਮਾਂ ਖਾਸ ਕਰਕੇ ਆਯੂਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

