ਸੂਬੇ ’ਚ ਕਰਜ਼ੇ ਦਾ ਰਿਕਾਰਡ ਟੁੱਟਿਆ: ਵੜਿੰਗ
ਕਾਂਗਰਸ ਦੇ ਸੂਬਾੲੀ ਪ੍ਰਧਾਨ ਸਾਬਕਾ ਵਿਧਾਇਕ ਦੇ ਪੋਤੇ ਨੂੰ ਵਾੲੀਸ ਪ੍ਰਧਾਨ ਚੁਣੇ ਜਾਣ ’ਤੇ ਵਧਾੲੀ ਦੇਣ ਪੁੱਜੇ
ਇੱਥੇ ਅੱਜ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਯੂਥ ਕਾਂਗਰਸ ਦਾ ਸੂਬਾ ਵਾਈਸ ਪ੍ਰਧਾਨ ਚੁਣੇ ਜਾਣ ’ਤੇ ਮੁਬਾਰਕਬਾਦ ਦੇਣ ਲਈ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਚੇਚੇ ਤੌਰ ’ਤੇ ਪੁੱਜੇ।
ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਰੰਗਲਾ ਪੰਜਾਬ ਦਾ ਨਾਅਰਾ ਦੇ ਕੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰਜ਼ਾ ਰਿਕਾਰਡ ਤੋੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਆਗਾਮੀ ਵਿਧਾਨ ਸਭਾ ਚੋਣਾਂ ਦਾ ਰੋਡਮੈਪ ਜਾਰੀ ਕਰੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਦੁੱਲੋਂ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਜੋਗਾ ਬਲਾਲਾ, ਸੁਖਵੀਰ ਸਿੰਘ ਪੱਪੀ ਪੀਏ, ਸੁਰਿੰਦਰ ਕੁੰਦਰਾ, ਦਰਸ਼ਨ ਕੁੰਦਰਾ, ਵਿਸ਼ਾਲ ਭਾਰਤੀ, ਰਮਨ ਬਹਿਲੋਲਪੁਰ, ਕੁਲਵਿੰਦਰ ਸਿੰਘ ਮਾਣੇਵਾਲ, ਮਨਪ੍ਰੀਤ ਜਲਣਪੁਰ, ਹਰਜੀਤ ਸਿੰਘ ਭੌਰਲਾ, ਕੁੱਕੂ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ, ਸ਼ੰਮੀ ਦੂਆ ਅਤੇ ਨੀਰਜ ਖੁੱਲਰ ਹਾਜ਼ਰ ਸਨ।
ਟਿਕਟ ਲਈ ਦਾਅਵੇਦਾਰੀ ਪੇਸ਼ ਕਰਾਂਗਾ: ਕਰਨਵੀਰ ਢਿੱਲੋਂ
ਸਾਬਕਾ ਵਿਧਾਇਕ ਅਮਰੀਕ ਸਿੰਘ ਦੇ ਪੋਤਰੇ ਅਤੇ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਅੱਜ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸਮਰਾਲਾ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪੂਰੇ ਪੰਜਾਬ ਅੰਦਰ ਯੂਥ ਕਾਂਗਰਸ ਦੀ ਚੋਣ ਲੜੀ ਹੈ, ਇਸ ਦਾ ਮਕਸਦ ਇਹੋ ਸੀ ਕਿ ਉਹ ਹੁਣ ਸਿਆਸਤ ਵਿਚ ਅੱਗੇ ਵਧਣਾ ਚਾਹੁੰਦਾ ਹੈ। ਢਿੱਲੋਂ ਨੇ ਕਿਹਾ ਕਿ ਉਹ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਲੜਨ ਦਾ ਇਛੁੱਕ ਹੈ ਅਤੇ ਇਸ ਲਈ ਵਧ-ਚੜ੍ਹ ਕੇ ਕੰਮ ਕਰੇਗਾ।

