ਨਾਨਕਸਰ ਕਲੇਰਾਂ ਵਿੱਚ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੀ 83ਵੀਂ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਸਾਲਾਨਾ ਸਮਾਗਮ ਅੱਜ ਸ਼ੁਰੂ ਹੋ ਗਏ। ਇਨ੍ਹਾਂ ਸਮਾਗਮਾਂ ਦੀ ਸਮਾਪਤੀ 29 ਅਗਸਤ ਨੂੰ ਹੋਵੇਗੀ ਅਤੇ 28 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। ਬਰਸੀ ਸਮਾਗਮਾਂ ਦੀ ਸ਼ੁਰੂਆਤ ਅੱਜ ਅਖੰਡ ਪਾਠ ਪ੍ਰਕਾਸ਼ ਕਰਨ ਨਾਲ ਹੋਈ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਲੱਖਾ ਸਿੰਘ ਨਾਨਕਸਰ ਸਮੇਤ ਸੰਪਰਦਾਇ ਦੇ ਹੋਰ ਸੰਤ ਮਹਾਪੁਰਖ ਹਾਜ਼ਰ ਸਨ।
ਬਰਸੀ ਸਮਾਗਮਾਂ ਦੀ ਸ਼ੁਰੂਆਤ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਹੋਰ ਕਾਂਗਰਸੀ ਆਗੂਆਂ ਨਾਲ ਮੱਥਾ ਟੇਕਣ ਪੁੱਜੇ। ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸਿੱਧੂ, ਈਸ਼ਵਰਜੋਤ ਚੀਮਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨੀ ਗਰਗ, ਸਾਬਕਾ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਹਰਮਨ ਗਾਲਿਬ, ਜਗਦੀਪ ਸਿੰਘ ਸੇਖੋਂ ਕਾਉਂਕੇ, ਸੰਜੀਵ ਚੌਧਰੀ, ਭਜਨ ਸਵੱਦੀ, ਸਰਪੰਚ ਦੀਪਾ ਗੁਰੂਸਰ, ਸਾਬਕਾ ਸਰਪੰਚ ਹਰਿੰਦਰ ਸਿੰਘ ਕਿੰਦਾ ਗਗੜਾ, ਪ੍ਰਧਾਨ ਸੁਖਦੇਵ ਸਿੰਘ ਤੂਰ, ਨੰਬਰਦਾਰ ਜਸਵੰਤ ਸਿੰਘ, ਜਸਵਿੰਦਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ। ਨਾਨਕਸਰ ਸੰਪਰਦਾਇ ਦੇ ਉਕਤ ਸੰਤਾਂ ਨੇ ਸ੍ਰੀ ਰੰਧਾਵਾ ਤੇ ਸ੍ਰੀ ਆਸ਼ੂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਅਤੇ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਵਿੱਚ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਧੜੇਬੰਦੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਵਖਰੇਵਾਂ ਅਤੇ ਮਤਭੇਦ ਤਾਂ ਕਿਸੇ ਵੀ ਪਰਿਵਾਰ ਵਿੱਚ ਹੋ ਸਕਦੇ ਹਨ। ਇਸ ਦੇ ਬਾਵਜੂਦ ਪਾਰਟੀ ਇਕਜੁੱਟ ਹੋ ਕੇ ਚੋਣ ਲੜੇਗੀ ਅਤੇ ਲੋਕਾਂ ਦੇ ਫਤਵੇ ਨਾਲ ਸਰਕਾਰ ਬਣਾਏਗੀ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਰਾਹੁਲ ਗਾਂਧੀ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ ਜਿਸ ਦੌਰਾਨ ਸਾਰੇ ਕਾਂਗਰਸੀ ਇਕ ਮੰਚ ’ਤੇ ਨਜ਼ਰ ਆਉਣਗੇ। ਰਾਹੁਲ ਗਾਂਧੀ ਦੇ ਇਸ ਦੌਰੇ ਨਾਲ ਕਾਂਗਰਸ ਅੰਦਰ ਨਵੀਂ ਰੂਹ ਫੂਕੀ ਜਾਵੇਗੀ। ਇਸ ਨਾਲ ਪੰਜਾਬ ਦਾ ਚੋਣ ਮਾਹੌਲ ਬਦਲੇਗਾ ਅਤੇ ਕਾਂਗਰਸ ਦੇ ਹੱਕ ਵਿੱਚ ਇਕ ਲਹਿਰ ਉੱਠੇਗੀ। ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪੁੱਛਣ ‘ਤੇ ਉਨ੍ਹਾਂ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਨੀਅਤ ਨੇ ਪੰਜਾਬ ਕਰਜ਼ੇ ਅਤੇ ਭ੍ਰਿਸ਼ਟਾਚਾਰ ਵਿੱਚ ਡੁਬੋ ਦਿੱਤਾ ਹੈ।

