ਮੇਅਰ ਇੰਦਰਜੀਤ ਕੌਰ ਦੇ ਵਿਦੇਸ਼ੀ ਦੌਰੇ ’ਤੇ ਜਾਣ ਤੋਂ ਬਾਅਦ ਕਾਰਜਕਾਰੀ ਮੇਅਰ ਦਾ ਚਾਰਜ ਸੰਭਾਲਦਿਆਂ ਹੀ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਪਹਿਲੇ ਦਿਨ ਹੀ ਐਕਸ਼ਨ ਵਿੱਚ ਨਜ਼ਰ ਆਏ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਪਹਿਲਾਂ ਢੋਲੇਵਾਲ ਮਿਲਟਰੀ ਕੈਂਪ ਨੇੜਲੀਆਂ ਬਦਹਾਲ ਸੜਕਾਂ ਦਾ ਜਾਇਜ਼ਾ ਲਿਆ।
ਨਿਗਮ ਅਧਿਕਾਰੀਆਂ, ਕਰਮਚਾਰੀਆਂ, ਰੋਡ ਰੋਲਰ, ਲੁੱਕ ਅਤੇ ਗੱਟਕਾ-ਮਿੱਟੀ ਨਾਲ ਲੈਸ ਟੀਮ ਨਾਲ ਪਹੁੰਚੇ ਸੀਨੀਅਰ ਡਿਪਟੀ ਮੇਅਰ ਨੇ ਨੁਕਸਾਨੇ ਗਏ ਹਿੱਸਿਆਂ ਦੀ ਨਿਸ਼ਾਨਦੇਹੀ ਕਰਵਾਈ ਅਤੇ ਤੁਰੰਤ ਟੋਏ ਭਰਵਾਏ। ਇਸ ਦੇ ਨਾਲ ਹੀ ਉਹ ਸਰਾਭਾ ਨਗਰ ਇਲਾਕੇ ਵਿੱਚ ਵੀ ਪੁੱਜੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਲਕਾ ਦੱਖਣੀ ਦੇ ਵੱਖ-ਵੱਖ ਵਾਰਡਾਂ ’ਚੋਂ ਟੁੱਟੀਆਂ ਸੜਕਾਂ, ਡੂੰਘੇ ਟੋਇਆਂ ਅਤੇ ਇਸ ਕਾਰਨ ਰਾਹਗੀਰਾਂ ਨੂੰ ਹੋ ਰਹੀਆਂ ਮੁਸ਼ਕਲਾਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਰਾਤ ਸਮੇਂ ਇਹ ਟੋਏ ਦਿਖਾਈ ਨਾ ਦੇਣ ਕਾਰਨ ਆਏ ਦਿਨ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਲੋਕਾਂ ਦੀ ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਸੀਨੀਅਰ ਡਿਪਟੀ ਮੇਅਰ ਨੇ ਵਿਭਾਗੀ ਟੀਮ ਨਾਲ ਖ਼ੁਦ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਵਾਏ।
ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਢੋਲੇਵਾਲ ਮਾਰਗ ਸ਼ਹਿਰ ਦਾ ਐਂਟਰੀ ਪੁਆਇੰਟ ਹੈ ਜਿਸ ਕਾਰਨ ਇਸ ਦਾ ਠੀਕ ਰਹਿਣਾ ਬੇਹੱਦ ਜ਼ਰੂਰੀ ਹੈ। ਸਥਾਨਕ ਕੌਂਸਲਰਾਂ ਅਤੇ ਹਲਕਾ ਵਿਧਾਇਕ ਵੱਲੋਂ ਵੀ ਇਸ ਮਾਰਗ ਦੀ ਤਰਸਯੋਗ ਹਾਲਤ ਵੱਲ ਧਿਆਨ ਦਿਵਾਇਆ ਗਿਆ ਸੀ, ਜਿਸ ਦੇ ਚਲਦਿਆਂ ਪਹਿਲ ਦੇ ਆਧਾਰ ’ਤੇ ਇਹ ਮੁਰੰਮਤ ਮੁਹਿੰਮ ਚਲਾਈ ਗਈ ਹੈ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਸਰਾਭਾ ਨਗਰ ਪੁੱਜੇ, ਜਿੱਥੇ ਉਨ੍ਹਾਂ ਨੇ ਅੰਡਰਪਾਸਾਂ ਦੀਆਂ ਸੜਕਾਂ ’ਤੇ ਟੋਏ ਭਰਵਾਏ। ਇਸ ਦੌਰਾਨ ਉਨ੍ਹਾਂ ਨਾਲ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਵੀ ਸਨ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪੈਚ ਵਰਕ ਦੌਰਾਨ ਮਜ਼ਬੂਤੀ ਅਤੇ ਟਿਕਾਊਪਣ ਯਕੀਨੀ ਬਣਾਉਣ ਲਈ ਉੱਚ ਮਿਆਰੀ ਸਮੱਗਰੀ ਦਾ ਇਸਤੇਮਾਲ ਕੀਤੀ ਜਾਏਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਰੰਮਤ ਦਾ ਇਹ ਉਪਰਾਲਾ ਸਿਰਫ਼ ਇੱਕ ਇਲਾਕੇ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਸ਼ਹਿਰ ਦੀਆਂ ਖ਼ਸਤਾਹਾਲ ਸੜਕਾਂ ਦੀ ਨਿਸ਼ਾਨਦੇਹੀ ਕਰਕੇ ਚਰਨਬੱਧ ਤਰੀਕੇ ਨਾਲ ਸੁਧਾਰ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਆਵਾਜਾਈ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।

