Sewerage Overflow: ਮੀਂਹ ਨੇ ਖੰਨਾ ਵਾਸੀਆਂ ਦੀ ਸਮੱਸਿਆ ਵਧਾਈ
ਸੀਵਰੇਜ ਦਾ ਦੂਸ਼ਿਤ ਪਾਣੀ ਗਲੀਆਂ ਵਿੱਚ ਆੳੁਣ ਕਾਰਨ ਲੋਕ ਪ੍ਰੇਸ਼ਾਨ
ਸ਼ਹਿਰ ਵਿਚ ਪਏ ਥੋੜ੍ਹੇ ਜਿਹੇ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਬਾਰਿਸ਼ ਕਾਰਨ ਵਾਰਡ ਨੰਬਰ-9 ਸਮੇਤ ਗੁਰੂ ਗੋਬਿੰਦ ਸਿੰਘ ਨਗਰ, ਗੁਰੂ ਨਾਨਕ ਨਗਰ, ਕਬਜ਼ਾ ਫੈਕਟਰੀ ਰੋਡ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੀਵਰੇਜ ਦੀ ਸਮੱਸਿਆ ਬੇਹੱਦ ਗੰਭੀਰ ਹੋ ਗਈ ਹੈ।
ਸੀਵਰੇਜ ਓਵਰਫਲੋਅ ਹੋਣ ਕਾਰਨ ਇਲਾਕੇ ਦੀਆਂ ਗਲੀਆਂ ਗੰਦੇ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਵੀ ਦੁੱਭਰ ਹੋ ਗਿਆ ਹੈ। ਇਸ ਬਦਬੂ ਮਾਰਦੇ ਗੰਦੇ ਪਾਣੀ ਕਾਰਨ ਇਲਾਕੇ ਵਿਚ ਚਮੜੀ, ਜਿਗਰ ਦੀਆਂ ਬਿਮਾਰੀਆਂ ਅਤੇ ਭਿਆਨਕ ਇਨਫੈਕਸ਼ਨ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਇਸ ਸਾਲਾਂ ਪੁਰਾਣੀ ਸਮੱਸਿਆ ਤੋਂ ਅੱਕੇ ਲੋਕਾਂ ਨੇ ਐਡਵੋਕੇਟ ਲਖਵੀਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਦੀਆਂ ਤਸਵੀਰਾਂ ਸੌਂਪਦਿਆਂ ਦੱਸਿਆ ਕਿ ਗੰਦੇ ਪਾਣੀ ਕਾਰਨ ਬੱਚੇ ਅਤੇ ਬਜ਼ੁਰਗ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ ਹਨ। ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੌਂਸਲ ਵੱਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਨਿਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਧਰਨਾ ਦਿੱਤਾ ਜਾੇਵਗਾ। ਸ੍ਰੀ ਗੁਪਤਾ ਨੇ ਕੌਂਸਲ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਅਤੇ ਜਲਦ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਆ ਗਿਆ ਹੈ ਜਲਦ ਹੀ ਸਮੱਸਿਆ ਦਾ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਡਾ. ਲਛਮਣ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਨਵਦੀਪ ਸ਼ਰਮਾ ਅਤੇ ਦੀਦਾਰ ਸਿੰਘ ਆਦਿ ਹਾਜ਼ਰ ਸਨ।
