ਰਾਏਕੋਟ: ਚੇਅਰਮੈਨ ਦੀ ਚੋਣ ਮੁਲਤਵੀ ਹੋਣ ਮਗਰੋਂ ਹੰਗਾਮਾ
ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ 18 ਜੇਤੂ ਮੈਂਬਰਾਂ ਵੱਲੋਂ ‘ਆਪ’ ਖ਼ਿਲਾਫ਼ ਪ੍ਰਦਰਸ਼ਨ
ਰਾਏਕੋਟ ਵਿੱਚ ਅੱਜ ਬਲਾਕ ਸਮਿਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਣ ਵਾਲੀ ਚੋਣ ਅਚਾਨਕ ਮੁਲਤਵੀ ਹੋਣ ਨਾਲ ਸਿਆਸੀ ਮਾਹੌਲ ਭਖ ਗਿਆ। ਚੋਣ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਆਪਣੇ 17 ਜੇਤੂ ਮੈਂਬਰਾਂ ਅਤੇ ਇੱਕ ਆਜ਼ਾਦ ਮੈਂਬਰ ਨਾਲ ਸਥਾਨਕ ਬਲਾਕ ਸਮਿਤੀ ਦਫ਼ਤਰ ਪਹੁੰਚੇ, ਜਿੱਥੇ ਚੋਣ ਪ੍ਰਕਿਰਿਆ ਨਾ ਸ਼ੁਰੂ ਹੋਣ ’ਤੇ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਕਾਮਿਲ ਅਮਰ ਸਿੰਘ ਅਤੇ ਹੋਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨ ’ਤੇ ਦਬਾਅ ਬਣਾ ਕੇ ਚੋਣ ਪ੍ਰਕਿਰਿਆ ਵਿੱਚ ਜਾਣਬੁੱਝ ਕੇ ਰੁਕਾਵਟ ਪਾਈ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਸਮਿਤੀ ਦੇ 25 ਵਿੱਚੋਂ 17 ਜ਼ੋਨਾਂ ’ਤੇ ਕਾਂਗਰਸ ਦੀ ਜਿੱਤ ਹੋਈ ਸੀ ਅਤੇ ਇੱਕ ਆਜ਼ਾਦ ਮੈਂਬਰ ਦੀ ਹਮਾਇਤ ਵੀ ਉਨ੍ਹਾਂ ਕੋਲ ਹੈ, ਜਿਸ ਕਾਰਨ ਬਹੁਮਤ ਕਾਂਗਰਸ ਦੇ ਹੱਕ ਵਿੱਚ ਬਣਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਚੋਣ ਨੇਪਰੇ ਚਾੜ੍ਹਨ ਲਈ ਨਿਯੁਕਤ ਐੱਸ ਡੀ ਐੱਮ ਅਤੇ ਬੀ ਡੀ ਪੀ ਓ ਦਫ਼ਤਰ ਵਿੱਚ ਮੌਜੂਦ ਨਹੀਂ ਹਨ। ਪੱਤਰਕਾਰਾਂ ਦੀ ਮੌਜੂਦਗੀ ਵਿੱਚ ਐੱਸ ਡੀ ਐੱਮ ਰਾਏਕੋਟ ਮਨਜੀਤ ਸਿੰਘ ਰਾਜਲਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਬੀ ਡੀ ਪੀ ਓ ਮਨਜੀਤ ਸਿੰਘ ਨੇ ਕਿਹਾ ਕਿ ਜੇਤੂ ਮੈਂਬਰਾਂ ਨੂੰ ਸੰਮਨ ਤਾਮੀਲ ਨਾ ਹੋਣ ਕਰਕੇ ਚੋਣ ਮੁਲਤਵੀ ਕੀਤੀ ਗਈ ਹੈ ਅਤੇ ਹੁਣ ਚੋਣ 5 ਮਾਰਚ ਨੂੰ ਕਰਵਾਈ ਜਾਵੇਗੀ। ਕਾਮਿਲ ਅਮਰ ਸਿੰਘ ਨੇ ਚੋਣ ਟਾਲਣ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 5 ਮਾਰਚ ਨੂੰ ਚੋਣ ਨਾ ਕਰਵਾਈ ਗਈ ਤਾਂ ਕਾਂਗਰਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਬਲਾਕ ਸਮਿਤੀ ਦਫ਼ਤਰ ’ਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਜੇਤੂ ਬਲਾਕ ਸਮਿਤੀ ਮੈਂਬਰ ਜਗਦੇਵ ਸਿੰਘ, ਪ੍ਰਦੀਪ ਸਿੰਘ, ਕਿਰਨਜੀਤ ਕੌਰ, ਵਰਿੰਦਰਪਾਲ ਕੌਰ, ਕੁਲਦੀਪ ਸਿੰਘ, ਪ੍ਰਿਤਪਾਲ ਕੌਰ, ਮੱਘਰ ਸਿੰਘ, ਸਿਮਰਨਜੀਤ ਕੌਰ, ਆਜ਼ਾਦ ਉਮੀਦਵਾਰ ਹਰਜੀਤ ਸਿੰਘ, ਹਰਜੀਤ ਕੌਰ, ਕੁਲਵਿੰਦਰ ਕੌਰ, ਚਰਨਜੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਸਿੰਘ ਉੱਪਲ, ਰਛਪਾਲ ਸਿੰਘ, ਗੁਲਵੰਤ ਸਿੰਘ, ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਸੁਧਾਰ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਰਾਜਵਿੰਦਰ ਕੌਰ ਬਰਾੜ ਆਦਿ ਹਾਜ਼ਰ ਸਨ।
ਜਗਰਾਉਂ: ਬਲਾਕ ਸਮਿਤੀ ਮੀਟਿੰਗ ਮੁਲਤਵੀ ਹੋਣ ਮਗਰੋਂ ਵਿਰੋਧੀਆਂ ’ਤੇ ਲੋਕਤੰਤਰ ਦਾ ਘਾਣ ਕਰਨ ਦਾ ਦੋਸ਼
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਬਲਾਕ ਸਮਿਤੀ ਜਗਰਾਉਂ ਦਾ ਚੇਅਰਮੈਨ ਚੁਣਨ ਲਈ ਰੱਖੀ ਮੀਟਿੰਗ ਅੱਜ ਮੌਕੇ ’ਤੇ ਮੁਲਤਵੀ ਕਰ ਦਿੱਤੀ ਗਈ। ਕੁੱਲ 25 ਮੈਂਬਰਾਂ ਵਾਲੀ ਬਲਾਕ ਸਮਿਤੀ ਵਿੱਚ ਕਾਂਗਰਸ ਕੋਲ ਸਭ ਤੋਂ ਵਧੇਰੇ ਮੈਂਬਰ ਹਨ ਜਦਕਿ ਸੱਤਾਧਾਰੀ ‘ਆਪ’ ਕੋਲ ਸਿਰਫ਼ ਸੱਤ ਮੈਂਬਰ ਹਨ। ਚੋਣ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨਾਲ ਹਾਜ਼ਰ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਵਿਧਾਇਕ ਐੱਸ ਆਰ ਕਲੇਰ ਵੀ ਮੌਜੂਦ ਰਹੇ। ਚੋਣ ਅਚਾਨਕ ਮੁਲਤਵੀ ਕਰਨ ’ਤੇ ਸ੍ਰੀ ਕਲੇਰ ਤਲਖੀ ਵਿੱਚ ਆਏ ਅਤੇ ਉਨ੍ਹਾਂ ਦੀ ਮੌਕੇ ’ਤੇ ਬਹਿਸ ਵੀ ਹੋਈ। ਚੇਅਰਮੈਨ ਦੀ ਚੋਣ ਲਈ ਪਹੁੰਚਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਮੁੱਲਾਂਪੁਰ ਦੀ ਅਗਵਾਈ ਹੇਠ ਕਾਂਗਰਸ ਦੇ ਬਲਾਕ ਸਮਿਤੀ ਮੈਂਬਰਾਂ ਨਾਲ ਮੀਟਿੰਗ ਵੀ ਹੋਈ। ਇਸ ਵਿੱਚ ਆਜ਼ਾਦ ਚੋਣ ਜਿੱਤੇ ਪੰਜ ਮੈਂਬਰ ਵੀ ਸ਼ਾਮਲ ਹੋਏ ਜੋ ਹਾਲ ਦੀ ਘੜੀ ਕਾਂਗਰਸ ਨੂੰ ਸਮਰਥਨ ਦੇ ਰਹੇ ਹਨ। ਇਸ ਤਰ੍ਹਾਂ ਕਾਂਗਰਸ ਕੋਲ ਆਪਣਾ ਚੇਅਰਮੈਨ ਚੁਣਨ ਲਈ ਪੂਰਨ ਬਹੁਮਤ ਹੈ ਅਤੇ ਇਹ ਸਾਰੇ 13 ਮੈਂਬਰ ਕਾਂਗਰਸੀ ਆਗੂਆਂ ਨਾਲ ਚੋਣ ਲਈ ਦਫ਼ਤਰ ਪਹੁੰਚ ਗਏ। ਦੂਜੇ ਪਾਸੇ ਅਕਾਲੀ ਆਗੂ ਵੀ ਆਪਣੇ ਮੈਂਬਰ ਨਾਲ ਹਾਜ਼ਰ ਸਨ ਪਰ ਮਾਹੌਲ ਉਦੋਂ ਤਲਖ ਹੋ ਗਿਆ ਜਦੋਂ ਬੀ ਡੀ ਪੀ ਓ ਸੁਰਜੀਤ ਚੰਦ ਨੇ ਚੋਣ ਮੁਲਤਵੀ ਕਰਨ ਦਾ ਨੋਟਿਸ ਲਾ ਦਿੱਤਾ। ਇਸ ’ਤੇ ਕਾਂਗਰਸ ਦੇ ਜੱਗਾ ਹਿੱਸੋਵਾਲ, ਸੋਨੀ ਗਾਲਿਬ, ਮੇਜਰ ਮੁੱਲਾਂਪੁਰ, ਕਾਮਰੇਡ ਰਵਿੰਦਰਪਾਲ ਰਾਜੂ ਅਤੇ ਅਕਾਲੀ ਦਲ ਦੇ ਸ੍ਰੀ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਤੇ ਹੋਰ ਆਗੂਆਂ ਨੇ ਇਸ ਦਾ ਕਾਰਨ ਪੁੱਛਿਆ। ਬੀ ਡੀ ਪੀ ਓ ਨੇ ਕਿਹਾ ਕਿ ਪੰਚਾਇਤ ਸੈਕਟਰੀ ਦੇ ਸਹੁਰੇ ਦੀ ਮੌਤ ਕਾਰਨ ਸਾਰੇ ਮੈਂਬਰਾਂ ਨੂੰ ਚੋਣ ਮੀਟਿੰਗ ਦਾ ਸੁਨੇਹਾ ਨਹੀਂ ਪਹੁੰਚ ਸਕਿਆ। ਨਿਯਮਾਂ ਮੁਤਾਬਕ ਮੈਂਬਰਾਂ ਨੂੰ ਚੋਣ ਦੀ ਚੌਵੀ ਘੰਟੇ ਪਹਿਲਾਂ ਸੂਚਨਾ ਭੇਜਣੀ ਲਾਜ਼ਮੀ ਹੈ। ਹੈਰਾਨੀ ਦੀ ਗੱਲ ਹੈ ਕਿ ਐੱਸ ਡੀ ਐੱਮ ਦਫ਼ਤਰ ਨੇ ਜੋ ਪੱਤਰ ਜਾਰੀ ਕੀਤਾ ਉਸ ’ਤੇ ਤਰੀਕ ਪਹਿਲੀ ਮਾਰਚ ਹੈ ਜੋ ਕਿ ਸਰਕਾਰੀ ਛੁੱਟੀ ਦਾ ਦਿਨ ਸੀ। ਇਸ ਪੱਤਰ ’ਤੇ ਲਿਖਿਆ ਹੈ ਕਿ ਸਮੇਂ ਦੀ ਘਾਟ ਕਰਕੇ ਸਾਰੇ ਮੈਂਬਰਾਂ ਨੂੰ ਚੋਣ ਮੀਟਿੰਗ ਦਾ ਨੋਟਿਸ ਨਹੀਂ ਭੇਜਿਆ ਜਾ ਸਕਿਆ।

