ਗਗਨਦੀਪ ਅਰੋੜਾ
ਲੁਧਿਆਣਾ, 22 ਜਨਵਰੀ
ਜ਼ਿਲ੍ਹਾ ਲੁਧਿਆਣਾ ਦੀ ਸਿਹਤ ਵਿਭਾਗ ਦੀ ਟੀਮ ਨੇ ਅੱਜ ਜਲੰਧਰ ਬਾਈਪਾਸ ਨੇੜੇ ਗੁਰਨਾਮ ਨਗਰ ਸਥਿਤ ਪੈਕਿੰਗ ਵਾਲਾ ਪਾਣੀ ਵੇਚਣ ਵਾਲੀ ਫੈਕਟਰੀ ’ਚ ਛਾਪਾ ਮਾਰਿਆ, ਪਰ ਟੀਮ ਪੁੱਜਣ ਤੋਂ ਪਹਿਲਾਂ ਹੀ ਫੈਕਟਰੀ ਮਾਲਕ ਦੋ ਯੂਨਿਟਾਂ ਨੂੰ ਜਿੰਦਰਾ ਲਾ ਕੇ ਫ਼ਰਾਰ ਹੋ ਗਿਆ। ਉਸ ਦੀ ਇੱਕ ਫੈਕਟਰੀ ਕਿਸੇ ਕਾਰਨ ਖੁੱਲ੍ਹੀ ਰਹਿ ਗਈ, ਜਿਸ ਦੀ ਜਾਂਚ ਦੌਰਾਨ ਟੀਮ ਨੇ ਉਥੋਂ ਪਲਾਸਟਿਕ ਦੇ ਖਾਲੀ ਗਲਾਸ ਤੇ ਹੋਰ ਸਾਮਾਨ ਜ਼ਬਤ ਕਰ ਲਿਆ। ਇਸ ਦੌਰਾਨ ਸਿਹਤ ਵਿਭਾਗ ਨੇ ਫੈਕਟਰੀ ਮਾਲਕ ਨੂੰ ਸਾਰੇ ਕਾਗਜ਼ਾਤ ਲੈ ਕੇ ਪੇਸ਼ ਹੋਣ ਲਈ ਆਖਿਆ ਹੈ ਤਾਂ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਗੁਰਨਾਮ ਨਗਰ ’ਚ ਪਾਣੀ ਪੈਕਿੰਗ ਦੀ ਫੈਕਟਰੀ ਚੱਲ ਰਹੀ ਹੈ। ਉਸ ਫੈਕਟਰੀ ਮਾਲਕ ਨੇ ਇਸ ਦੀ ਆਗਿਆ ਨਹੀਂ ਲਈ ਹੈ। ਇਸ ਸੂਚਨਾ ਦੇ ਆਧਾਰ ’ਤੇ ਸਿਹਤ ਵਿਭਾਗ ਦੀ ਟੀਮ ਉਥੇ ਜਾਂਚ ਕਰਨ ਪੁੱਜੀ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ 2 ਫੈਕਟਰੀਆਂ ਬੰਦ ਕਰਕੇ ਫ਼ਰਾਰ ਹੋ ਗਿਆ, ਜਦੋਂ ਕਿ ਇੱਕ ਯੂਨਿਟ ਖੁੱਲ੍ਹਾ ਪਿਆ ਸੀ।
ਇਸ ਯੂਨਿਟ ’ਚ ਪਾਣੀ ਸਾਫ਼ ਕਰਨ ਵਾਲੇ ਫਿਲਟਰ ਸਮੇਤ ਖਾਲੀ ਗਲਾਸ, ਬੋਤਲਾਂ ਤੇ ਹੋਰ ਸਾਮਾਨ ਪਿਆ ਸੀ, ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਨੂੰ ਸਾਰੇ ਕਾਗਜ਼ਾਤ ਲੈ ਕੇ ਪੇਸ਼ ਹੋਣ ਲਈ ਆਖਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਕਿਸ ਆਧਾਰ ’ਤੇ ਪਾਣੀ ਦੀ ਪੈਕਿੰਗ ਕਰ ਰਿਹਾ ਸੀ। ਜੇਕਰ ਉਹ ਕਿਸੇ ਕੰਪਨੀ ਦਾ ਪਾਣੀ ਵੇਚ ਰਿਹਾ ਹੈ ਤਾਂ ਉਸ ਦੇ ਖਰੀਦ ਬਿੱਲ ਲਿਆਉਣ ਦੇ ਹੁਕਮ ਦਿੱਤੇ ਹਨ। ਸਿਹਤ ਵਿਭਾਗ ਨੇ ਫਿਲਹਾਲ ਤਿੰਨੇ ਯੂਨਿਟ ਸੀਲ ਕਰ ਦਿੱਤੇ ਹਨ।