Punjabi Sahit Academy: ਪੰਜਾਬੀ ਭਵਨ ਦਾ ਸਥਾਪਨਾ ਦਿਵਸ ਮਨਾਇਆ
ਤਤਕਾਲੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਰੱਖਿਆ ਸੀ ਨੀਂਹ ਪੱਥਰ
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਵਿੱਚ ਅਕਾਡਮੀ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਸਮੂਹ ਮੈਂਬਰਾਂ ਨੂੰ ਪੰਜਾਬੀ ਭਵਨ ਦੇ 60ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ।
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਮੂਹ ਲੇਖਕਾਂ ਨੂੰ ਪੰਜਾਬੀ ਭਵਨ ਦੇ ਨੀਂਹ ਪੱਥਰ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੇ 2 ਜੁਲਾਈ, 1966 ਨੂੰ ਪੰਜਾਬੀ ਭਵਨ, ਲੁਧਿਆਣਾ ਦਾ ਨੀਂਹ ਪੱਥਰ ਰੱਖਿਆ ਸੀ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਅੱਜ ਦੇ ਦਿਨ ਪੰਜਾਬੀ ਭਵਨ ਦੀ ਉਸਾਰੀ ਸ਼ੁਰੂ ਹੋਣ ਨਾਲ ਲੇਖਕਾਂ ਨੂੰ ਆਪਣਾ ਘਰ ਮਿਲ ਗਿਆ ਸੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮੁੱਚੇ ਲੇਖਕ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਡਮੀ ਦੇ ਇਤਿਹਾਸ ਵਿਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੌਜੂਦਾ ਸਮੇਂ ਪੰਜਾਬੀ ਭਵਨ ਵਿਚ ਸਿਰਫ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ, ਬਲਰਾਜ ਸਾਹਨੀ ਖੁੱਲ੍ਹਾ ਰੰਗਮੰਚ, ਸੈਮੀਨਾਰ ਹਾਲ, ਡਾ. ਮਹਿੰਦਰ ਸਿੰਘ ਰੰਧਾਵਾ ਹਾਲ, ਡਾ. ਪਰਮਿੰਦਰ ਸਿੰਘ ਹਾਲ ਅਤੇ ਸਾਈਂ ਮੀਆਂ ਮੀਰ ਬੁੱਕ ਬਾਜ਼ਾਰ ਹੀ ਨਹੀਂ ਸਗੋਂ ਭਾਸ਼ਾ ਵਿਭਾਗ, ਪੰਜਾਬ ਦਾ ਜ਼ਿਲ੍ਹਾ ਭਾਸ਼ਾ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਖੇਤਰੀ ਦਫ਼ਤਰ ਵੀ ਹੈ। ਪੰਜਾਬੀ ਭਵਨ ਵਿਚ ਲੇਖਕਾਂ ਅਤੇ ਪਾਠਕਾਂ ਤੋਂ ਇਲਾਵਾ ਸੈਂਕੜੇ ਲੋਕ ਰੋਜ਼ਾਨਾ ਆਉਦੇ ਹਨ। ਇਸ ਮੌਕੇ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪ੍ਰਬੰਧਕੀ ਬੋਰਡ ਮੈਂਬਰ ਜਨਮੇਜਾ ਸਿੰਘ ਜੌਹਲ, ਦਫ਼ਤਰ ਇੰਚਾਰਜ ਸੁਰਿੰਦਰ ਦੀਪ ਕੌਰ, ਸਹਾਇਕ ਲਾਇਬ੍ਰੇਰੀਅਨ ਮੀਤ ਅਨਮੋਲ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਅਸ਼ਵਨੀ ਜੇਤਲੀ, ਸੁਖਦੀਪ ਹਾਜ਼ਰ ਸਨ।
