ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਦਸੰਬਰ
ਉਦੈਪੁਰ (ਰਾਜਸਥਾਨ) ਵਿੱਚ ਖੇਡੀ ਗਈ 72ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਮੁੰਡਿਆਂ ਦੇ ਵਰਗ ਵਿੱਚ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਪੰਜਾਬ ਦੀ ਟੀਮ ਨੇ ਫਾਈਨਲ ਵਿੱਚ ਤਾਮਿਲਨਾਡੂ ਦੀ ਮਜ਼ਬੂਤ ਟੀਮ ਨੂੰ 94-80 ਅੰਕਾਂ ਦੇ ਫਰਕ ਨਾਲ ਹਰਾਇਆ। ਇਹ ਚੈਂਪੀਅਨਸ਼ਿਪ 27 ਨਵੰਬਰ ਤੋਂ 4 ਦਸੰਬਰ ਤੱਕ ਖੇਡੀ ਗਈ ਜਿਸ ਵਿੱਚ ਦੇਸ਼ ਦੇ ਹਰੇਕ ਸੂਬੇ ਦੀ ਟੀਮ ਨੇ ਹਿੱਸਾ ਲਿਆ ਸੀ।
ਜਨਰਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕੇ ਪੰਜਾਬ ਟੀਮ ਵੱਲੋਂ ਖੇਡਣ ਵਾਲੇ ਲੁਧਿਆਣਾ ਬਾਸਕਟਬਾਲ ਅਕਾਦਮੀ ਦੇ ਖਿਡਾਰੀ ਗੁਰਬਾਜ਼ ਸਿੰਘ ਸੰਧੂ ਨੂੰ ਚੈਂਪੀਅਨਸ਼ਿਪ ਦਾ ਸਰਵੋਤਮ ਖਿਡਾਰੀ (ਬੈਸਟ ਪਲੇਅਰ) ਚੁਣਿਆ ਗਿਆ। ਉਨ੍ਹਾਂ ਕਿਹਾ ਕੇ ਇਹ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਵੱਡੀ ਪ੍ਰਾਪਤੀ ਹੈ। ਇਸ ਟੀਮ ਦਾ ਜਲਦ ਹੀ ਸ਼ਾਨਦਾਰ ਸਮਾਗਮ ਕਰਕੇ ਸਨਮਾਨ ਕੀਤਾ ਜਾਵੇਗਾ। ਇਸ ਮਾਣਮੱਤੀ ਪ੍ਰਾਪਤੀ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ ਸਾਬਕਾ ਡੀਜੀਪੀ, ਅਰਜਨ ਐਵਾਰਡੀ ਪਰਮਿੰਦਰ ਸਿੰਘ ਭੰਡਾਲ, ਅਰਜਨ ਐਵਾਰਡੀ ਸੱਜਣ ਸਿੰਘ ਚੀਮਾ, ਯੁਰਿੰਦਰ ਸਿੰਘ `ਹੇਅਰ, ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲੀਸ ਅਧਿਕਾਰੀ, ਸੁਮਨ ਸ਼ਰਮਾ ਅਰਜਨ ਐਵਾਰਡੀ, ਲੀਲਮਾ, ਕੋਚ ਰਾਜਿੰਦਰ ਸਿੰਘ, ਕੋਚ ਰਵਿੰਦਰ ਸਿੰਘ, ਕੋਚ ਸਲੋਨੀ, ਕੋਚ ਅਮਰਜੋਤ, ਮੈਨੇਜਰ ਅਮਰਜੀਤ ਸਿੰਘ ਸੰਧੂ, ਵਿਦਿਆ ਨੇ ਵੀ ਜਿੱਤ ਲਈ ਟੀਮ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।