Punjab Weather: ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ
ਮੰਡੀਆਂ ਵਿੱਚ ਤਰਪਾਲਾਂ ਨਾਲ ਝੋਨਾ ਢਕਿਆ; ਏਜੰਸੀਆਂ ਨੇ ਫ਼ਸਲ ਖਰੀਦਣ ਤੋਂ ਕੀਤੀ ਨਾਂਹ
ਮਾਛੀਵਾੜਾ ਇਲਾਕੇ ਵਿੱਚ ਅੱਜ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਦੁਪਹਿਰ ਤੱਕ ਲਗਾਤਾਰ ਜਾਰੀ ਰਿਹਾ। ਇਸ ਬੇਮੌਸਮੀ ਬਾਰਿਸ਼ ਨੇ ਜਿੱਥੇ ਝੋਨੇ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ, ਉੱਥੇ ਹੀ ਮੰਡੀਆਂ ਵਿੱਚ ਚੱਲ ਰਹੀ ਸਰਕਾਰੀ ਖਰੀਦ ਵੀ ਰੋਕ ਦਿੱਤੀ ਹੈ। ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਖੇਤਾਂ ਵਿੱਚ ਪੱਕ ਕੇ ਖੜ੍ਹੀ ਫ਼ਸਲ ਉੱਤੇ ਮੀਂਹ ਪੈਣ ਕਾਰਨ ਕੰਬਾਈਨਾਂ ਨਹੀਂ ਚੱਲ ਸਕੀਆਂ। ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਜੇ ਮੌਸਮ ਇਸੇ ਤਰ੍ਹਾਂ ਖ਼ਰਾਬ ਰਿਹਾ, ਤਾਂ ਫ਼ਸਲ ਦਾ ਝਾੜ ਕਾਫ਼ੀ ਹੱਦ ਤੱਕ ਘਟ ਜਾਵੇਗਾ। ਇਸੇ ਦੌਰਾਨ ਮੀਂਹ ਕਾਰਨ ਮੰਡੀਆਂ ਵਿੱਚ ਪਏ ਝੋਨੇ ਵਿੱਚ ਨਮੀ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵੱਧ ਗਈ ਹੈ। ਨਮੀ ਜ਼ਿਆਦਾ ਹੋਣ ਕਰਕੇ ਖਰੀਦ ਏਜੰਸੀਆਂ ਨੇ ਫ਼ਸਲ ਦੀ ਬੋਲੀ ਲਾਉਣ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਖਰੀਦ ਦਾ ਕੰਮ ਪੂਰਾ ਦਿਨ ਪ੍ਰਭਾਵਿਤ ਰਿਹਾ।
ਮੀਂਹ ਦੌਰਾਨ ਮਾਛੀਵਾੜਾ ਦੀਆਂ ਮੰਡੀਆਂ ਵਿੱਚ ਕਿਸਾਨ ਅਤੇ ਮਜ਼ਦੂਰ ਆਪਣੀ ਫ਼ਸਲ ਨੂੰ ਤਰਪਾਲਾਂ ਨਾਲ ਢਕ ਕੇ ਬਚਾਉਂਦੇ ਨਜ਼ਰ ਆਏ। ਇਸ ਦੌਰਾਨ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹੀ। ਕਿਸਾਨਾਂ ਨੇ ਦੱਸਿਆ ਕਿ ਮਾਛੀਵਾੜਾ ਮੰਡੀ ਵਿੱਚ ਬਣੇ ਸ਼ੈੱਡ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਸ਼ੈੱਡ ਚੋਣ ਕਾਰਨ ਹੇਠਾਂ ਪਈਆਂ ਅਨਾਜ ਦੀਆਂ ਬੋਰੀਆਂ ਵੀ ਗਿੱਲੀਆਂ ਹੋ ਗਈਆਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖਸਤਾਹਾਲ ਸ਼ੈੱਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਫ਼ਸਲ ਨੂੰ ਭਿੱਜਣ ਤੋਂ ਬਚਾਇਆ ਜਾ ਸਕੇ।
ਦੇਰ ਸ਼ਾਮ ਮਾਛੀਵਾੜਾ ਇਲਾਕੇ ਵਿੱਚ ਮੌਸਮ ਕੁਝ ਸਾਫ਼ ਹੋਇਆ, ਜਿਸ ਮਗਰੋਂ ਕਿਸਾਨਾਂ ਨੇ ਥੋੜ੍ਹਾ ਸੁੱਖ ਦਾ ਸਾਹ ਲਿਆ। ਬੇਸ਼ੱਕ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਪਰ ਕਿਸਾਨ ਅਰਦਾਸ ਕਰ ਰਹੇ ਹਨ ਕਿ ਮੌਸਮ ਖੁੱਲ੍ਹ ਜਾਵੇ ਤਾਂ ਜੋ ਉਹ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਸਾਂਭ ਸਕਣ। ਜੇਕਰ ਮੌਸਮ ਸਾਫ਼ ਰਿਹਾ ਤਾਂ ਕਟਾਈ ਅਤੇ ਖਰੀਦ ਦਾ ਕੰਮ ਮੁੜ ਸੁਚਾਰੂ ਢੰਗ ਨਾਲ ਚੱਲ ਪਵੇਗਾ।
ਜੇ ਖਰੀਦ ਪ੍ਰਬੰਧਾਂ ਦੀ ਗੱਲ ਕਰੀਏ, ਤਾਂ ਮਾਛੀਵਾੜਾ ਅਨਾਜ ਮੰਡੀ ਅਤੇ ਇਸ ਨਾਲ ਸਬੰਧਤ ਉਪ ਖਰੀਦ ਕੇਂਦਰਾਂ ਵਿੱਚ ਫ਼ਸਲ ਦੀ ਆਮਦ ਲਗਾਤਾਰ ਜਾਰੀ ਹੈ। ਇਨ੍ਹਾਂ ਵਿੱਚ ਸ਼ੇਰਪੁਰ ਬੇਟ, ਲੱਖੋਵਾਲ, ਬੁਰਜ ਪਵਾਤ ਅਤੇ ਹੇਡੋਂ ਬੇਟ ਦੀਆਂ ਮੰਡੀਆਂ ਸ਼ਾਮਲ ਹਨ। ਹੁਣ ਤੱਕ ਇਨ੍ਹਾਂ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ 3 ਲੱਖ 56 ਹਜ਼ਾਰ 538 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦੀ ਗਈ ਫ਼ਸਲ ਦੀ ਲਿਫ਼ਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਵਿਭਾਗੀ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 1 ਲੱਖ 40 ਹਜ਼ਾਰ ਕੁਇੰਟਲ ਝੋਨੇ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ ਅਤੇ ਰਹਿੰਦੀ ਫ਼ਸਲ ਗੋਦਾਮਾਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੀਂਹ ਕਾਰਨ ਝੋਨੇ ਦਾ ਭਾਰੀ ਨੁਕਸਾਨ
ਡੇਹਲੋਂ (ਪ੍ਰੀਤਮ ਸਿੰਘ): ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਪਿੰਡ ਕਿਲ੍ਹਾ ਰਾਏਪੁਰ, ਜੜਤੌਲੀ, ਡੇਹਲੋਂ, ਨਾਰੰਗਵਾਲ ਅਤੇ ਘੁੰਗਰਾਣਾ ਦਾ ਦੌਰਾ ਕੀਤਾ। ਇਸ ਮਗਰੋਂ ਆਗੂਆਂ ਹਰਨੇਕ ਸਿੰਘ ਗੁੱਜਰਵਾਲ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਤੇਜ਼ ਹਵਾ ਅਤੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਉਨ੍ਹਾਂ ਦੱਸਿਆ ਕਿ ਪੁੱਤਾਂ ਵਾਂਗ ਪਾਲਿਆ ਝੋਨਾ ਖੇਤਾਂ ਵਿੱਚ ਵਿਛ ਗਿਆ ਹੈ ਅਤੇ ਮੰਡੀਆਂ ਵਿੱਚ ਪਈ ਫ਼ਸਲ ਬੁਰੀ ਤਰ੍ਹਾਂ ਭਿੱਜ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਸੌ ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਦਾਣਾ ਮੰਡੀਆਂ ਵਿੱਚ ਸ਼ੈੱਡ ਬਣਾਉਣ ਅਤੇ ਖੇਤ ਨੂੰ ਇਕਾਈ ਮੰਨ ਕੇ ਫ਼ਸਲ ਬੀਮਾ ਯੋਜਨਾ ਸ਼ੁਰੂ ਕਰਨ ਉੱਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਲੇਬਰ ਦਾ ਖ਼ਰਚਾ ਵਧੇਗਾ ਅਤੇ ਝਾੜ ਘਟੇਗਾ, ਇਸ ਲਈ ਸਰਕਾਰ ਝੋਨੇ ਵਿੱਚ ਨਮੀ ਦੀ ਮਾਤਰਾ 22 ਫ਼ੀਸਦੀ ਕਰੇ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸੇ ਦੌਰਾਨ ਦਾਣਾ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਪੱਲੇਦਾਰਾਂ ਨੇ ਕਿਹਾ ਕਿ ਨਮੀ ਵਧਣ ਕਾਰਨ ਝੋਨਾ ਸੁਕਾਉਣ ਵਿੱਚ ਭਾਰੀ ਦਿੱਕਤ ਆਵੇਗੀ। ਇਸ ਮੌਕੇ ਪਰਮਿੰਦਰ ਸਿੰਘ, ਅਮਰੀਕ ਸਿੰਘ, ਸਵਰਨਜੀਤ ਸਿੰਘ ਜੜਤੌਲੀ, ਸੁਖਦੇਵ ਸਿੰਘ, ਸੰਦੀਪ ਸਿੰਘ, ਪਰਮਿੰਦਰ ਕੁਮਾਰ ਅਤੇ ਤੇਲੂ ਰਾਮ ਹਾਜ਼ਰ ਸਨ।
ਖੇਤਾਂ ਵਿੱਚ ਵਿਛੀ ਫ਼ਸਲ ਵੱਢਣ ’ਚ ਆਵੇਗੀ ਸਮੱਸਿਆ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਅੱਜ ਸਵੇਰੇ ਪਏ ਮੋਹਲੇਧਾਰ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਮੀਂਹ ਕਾਰਨ ਮੰਡੀਆਂ ਵਿੱਚ ਪਈ ਅਤੇ ਖੇਤਾਂ ਵਿੱਚ ਪੱਕ ਕੇ ਖੜ੍ਹੀ ਫ਼ਸਲ ਦੇ ਨੁਕਸਾਨ ਦਾ ਡਰ ਬਣ ਗਿਆ ਹੈ। ਖੇਤਾਂ ਵਿੱਚ ਪਾਣੀ ਭਰਨ ਨਾਲ ਫ਼ਸਲ ਜ਼ਮੀਨ ਉੱਤੇ ਵਿਛ ਗਈ ਹੈ ਜਿਸ ਨੂੰ ਹੁਣ ਕੰਬਾਈਨਾਂ ਨਾਲ ਕੱਟਣਾ ਬੇਹੱਦ ਮੁਸ਼ਕਲ ਹੋਵੇਗਾ। ਪੀੜਤ ਕਿਸਾਨਾਂ ਜਗਤਾਰ ਸਿੰਘ, ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਝੋਨੇ ਵਿੱਚ ਨਮੀ ਵਧਣ ਕਾਰਨ ਖਰੀਦ ਏਜੰਸੀਆਂ ਫ਼ਸਲ ਚੁੱਕਣ ਵੇਲੇ ਭਾਰੀ ਮੁਸ਼ਕਲਾਂ ਖੜ੍ਹੀਆਂ ਕਰਨਗੀਆਂ। ਹਾਲਾਂਕਿ ਕਿਸਾਨਾਂ ਨੇ ਮੰਨਿਆ ਕਿ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਢੁਕਵੇਂ ਪ੍ਰਬੰਧਾਂ ਸਦਕਾ ਮੰਡੀ ਵਿੱਚ ਬਹੁਤੀ ਫ਼ਸਲ ਨੂੰ ਭਿੱਜਣ ਤੋਂ ਬਚਾ ਲਿਆ ਗਿਆ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦਿਆਂ ਮੰਡੀਆਂ ਵਿੱਚ ਪਹਿਲਾਂ ਹੀ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਸਨ। ਖਰੀਦ ਅੰਕੜਿਆਂ ਬਾਰੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 1122328 ਕੁਇੰਟਲ ਝੋਨਾ ਪੁੱਜ ਚੁੱਕਾ ਹੈ। ਇਸ ਵਿੱਚੋਂ ਏਜੰਸੀਆਂ ਵੱਲੋਂ 208 ਕੁਇੰਟਲ ਝੋਨਾ ਖਰੀਦਿਆ ਗਿਆ ਹੈ ਅਤੇ 27030 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਨੁਕਸਾਨੇ ਝੋਨੇ ਦਾ ਮੁਆਵਜ਼ਾ ਮੰਗਿਆ
ਲੁਧਿਆਣਾ/ਮਾਛੀਵਾੜਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਮੀਂਹ ਕਾਰਨ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁੱਦਾ ਚੁੱਕਦਿਆਂ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਭਾਰੀ ਆਰਥਿਕ ਤੰਗੀ ਝੱਲ ਰਿਹਾ ਹੈ। ਇੱਕ ਪਾਸੇ ਮਹਿੰਗੇ ਡੀਜ਼ਲ ਅਤੇ ਖੇਤੀ ਖ਼ਰਚਿਆਂ ਨੇ ਕਿਸਾਨਾਂ ਦਾ ਲੱਕ ਤੋੜਿਆ ਹੋਇਆ ਹੈ, ਜਦਕਿ ਦੂਜੇ ਪਾਸੇ ਬੇਮੌਸਮੀ ਬਾਰਿਸ਼ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਾਰਾ ਸਾਲ ਖ਼ੂਨ-ਪਸੀਨਾ ਵਹਾ ਕੇ ਆਪਣੀ ਫ਼ਸਲ ਪਾਲਦਾ ਹੈ, ਪਰ ਕੁਦਰਤੀ ਆਫ਼ਤ ਕਾਰਨ ਫ਼ਸਲ ਤਬਾਹ ਹੋਣ ਕਰਕੇ ਉਸ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫ਼ਸਲ ਦੇ ਨੁਕਸਾਨ ਕਾਰਨ ਕਿਸਾਨਾਂ ਲਈ ਹੁਣ ਸਮੇਂ ਸਿਰ ਬੈਂਕਾਂ ਦਾ ਕਰਜ਼ਾ ਮੋੜਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਇਸ ਲਈ ਸਰਕਾਰ ਕਿਸਾਨਾਂ ਦੀ ਮਜਬੂਰੀ ਸਮਝਦਿਆਂ ਕਰਜ਼ਾ ਲਿਮਟਾਂ ਅਤੇ ਅਦਾਇਗੀ ਦੀਆਂ ਤਰੀਕਾਂ ਨੂੰ ਅੱਗੇ ਵਧਾਏ। ਅੰਤ ਵਿੱਚ ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਵਿਆਜ ਤੋਂ ਛੋਟ ਦੇਣ, ਢੁਕਵਾਂ ਮੁਆਵਜ਼ਾ ਦੇਣ ਅਤੇ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਤਾਂ ਜੋ ਕਿਸਾਨੀ ਨੂੰ ਇਸ ਸੰਕਟ ਵਿੱਚੋਂ ਕੱਢਿਆ ਜਾ ਸਕੇ।

