Punjab News: ਨਸ਼ਾ ਤਸਕਰ ਸਰਪੰਚ ਰਾਣੋ ਦੀ ਕੋਠੀ ਤੇ ਚੱਲਿਆ ਪੀਲਾ ਪੰਜਾ
ਅੱਜ ਨੇੜਲੇ ਪਿੰਡ ਰਾਣੋ ਦੇ ਕਥਿਤ ਬਹੁ-ਕਰੋੜੀ ਹੈਰੋਇਨ ਤਸਕਰੀ ਦੇ ਮੁੱਖ ਸਰਗਣੇ ਵਜੋਂ ਜਾਣੇ ਜਾਂਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਗੈਰਕਾਨੂੰਨੀ ਘਰ ਉੱਤੇ ਪੰਜਾਬ ਪੁਲੀਸ ਦੀ ਨਿਗਰਾਨੀ ਹੇਠ ਗਲਾਡਾ ਦੀਆਂ ਹਦਾਇਤਾਂ ਤੇ ਪੀਲਾ ਪੰਜਾ ਚੱਲਿਆ। ਡੀ ਐੱਸ ਪੀ...
ਅੱਜ ਨੇੜਲੇ ਪਿੰਡ ਰਾਣੋ ਦੇ ਕਥਿਤ ਬਹੁ-ਕਰੋੜੀ ਹੈਰੋਇਨ ਤਸਕਰੀ ਦੇ ਮੁੱਖ ਸਰਗਣੇ ਵਜੋਂ ਜਾਣੇ ਜਾਂਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਗੈਰਕਾਨੂੰਨੀ ਘਰ ਉੱਤੇ ਪੰਜਾਬ ਪੁਲੀਸ ਦੀ ਨਿਗਰਾਨੀ ਹੇਠ ਗਲਾਡਾ ਦੀਆਂ ਹਦਾਇਤਾਂ ਤੇ ਪੀਲਾ ਪੰਜਾ ਚੱਲਿਆ। ਡੀ ਐੱਸ ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਬਹੁ ਕਰੋੜੀ ਹੈਰੋਇਨ ਨਸ਼ਾ ਤਸਕਰੀ ਦੇ ਸਰਗਣੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਵੱਖ-ਵੱਖ ਧਰਾਵਾਂ ਹੇਠ 10 ਮੁਕੱਦਮੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ ਸਰਪੰਚ ਗੁਰਦੀਪ ਰਾਣੋ ਨੂੰ ਐੱਸ ਟੀ ਐੱਫ ਦੀ ਟੀਮ ਵੱਲੋਂ ਕਰੀਬ 3 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ। ਅੱਜ ਗਲਾਡਾ ਵੱਲੋਂ ਨਜਾਇਜ ਜਗ੍ਹਾ ਤੇ ਬਣੇ ਮਕਾਨ ਨੂੰ ਢਾਹੁਣ ਦੀ ਕਰਵਾਈ ਕੀਤੀ ਜਾ ਰਹੀ ਹੈ। ਇਸ ਸਮੇ ਪੁਲੀਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ ਤਾਂ ਕਿ ਗਲਾਡਾ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਮੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਦੀ ਪ੍ਰਾਪਰਟੀ ਸ਼ੀਜ ਵੀ ਕੀਤੀ ਜਾਂਦੀ ਹੈ ਅਤੇ ਅਣ-ਅਧਿਕਾਰਤ ਜਗ੍ਹਾਂ ਨੂੰ ਢਹਿ ਢੇਰੀ ਵੀ ਕੀਤਾ ਜਾਂਦਾ ਹੈ। ਡੀ ਐੱਸ ਪੀ ਪਾਇਲ ਨੇ ਅੱਗੇ ਕਿਹਾ ਕਿ ਐੱਸ ਐੱਸ ਪੀ ਖੰਨਾ ਡਾ ਦਰਪਣ ਆਹਲੂਵਾਲੀਆ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਪਹਿਲਾ ਵੀ ਨਜਾਇਜ਼ ਉਸਾਰੀਆਂ ਢਹਿ ਢੇਰੀ ਕੀਤੀਆਂ ਗਈਆਂ ਹਨ, ਹੁਣ ਅੱਗਿਓ ਵੀ ਇਹ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਜਾਰੀ ਰਹੇਗੀ।
ਜਿਉਂ ਹੀ ਪੰਜਾਬ ਪੁਲੀਸ 'ਤੇ ਗਲਾਡਾ ਦੇ ਅਧਿਕਾਰੀ ਜੇ ਸੀ ਬੀ ਲੈ ਕੇ ਨਸ਼ਾ ਤਸਕਰ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਕੋਠੀ ਤੇ ਪੀਲਾ ਪੰਜਾ ਚਲਾਉਂਣ ਪੁੱਜੇ ਤਾਂ ਪਰਿਵਾਰਕ ਮੈਂਬਰਾਂ ਨੇ ਅਦਾਲਤੀ ਕੇਸ ਦੇ ਕੁਝ ਕਾਗਜ਼ਾਤ ਵਿਖਾਏ ਪਰ ਗਲਾਡਾ ਦੇ ਅਧਿਕਾਰੀ ਸੰਤੁਸ਼ਟ ਨਾ ਹੋਏ ਅਤੇ ਸਟੇਅ ਆਰਡਰ ਦੀ ਮੰਗ ਕੀਤੀ। ਗਲਾਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਠੀ ਦੀ ਉਸਾਰੀ ਤੋਂ ਪਹਿਲਾ ਗਲਾਡਾ ਕੋਲੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਅਤੇ ਬਿਨ੍ਹਾ ਮਨਜ਼ੂਰੀ ਤੋਂ ਇਹ ਕੋਠੀ ਗੈਰਕਾਨੂੰਨੀ ਢੰਗ ਨਾਲ ਬਣਾਈ ਗਈ ਹੈ।
ਦੂਜੇ ਪਾਸੇ ਗਲਾਡਾ ਦੀ ਚੱਲ ਰਹੀ ਕਾਰਵਾਈ ਦੌਰਾਨ ਸਰਪੰਚ ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਪ੍ਰਾਪਰਟੀ ਟ੍ਰਿਬਿਊਨਲ ਵੱਲੋਂ ਅਤੇ ਈ ਡੀ ਵੱਲੋਂ ਫਰੀਜ ਕੀਤੀ ਗਈ ਹੋਵੇ ਉਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਪਰ ਇਹ ਸਰਾਸਰ ਧੱਕਾ ਕੀਤਾ ਗਿਆ ਹੈ। ਇਸ ਮੌਕੇ ਡੀ ਐੱਸ ਪੀ ਕਰਮਜੀਤ ਸਿੰਘ ਗਰੇਵਾਲ, ਡੀ ਐੱਸ ਪੀ ਪਵਨ ਕੁਮਾਰ, ਐੱਸ ਐੱਚ ਓ ਤਰਵਿੰਦਰ ਕੁਮਾਰ ਬੇਦੀ, ਐੱਸ ਐੱਚ ਓ ਅਕਾਸ਼ ਦੱਤ, ਬੀ ਡੀ ਪੀ ਓ ਦੋਰਾਹਾ ਮੈਡਮ ਸੁਮਰਿਤਾ ਅਤੇ ਗਲਾਡਾ ਦੇ ਅਧਿਕਾਰੀ ਵੀ ਹਾਜ਼ਰ ਸਨ।

