Punjab Farmers Protest: ਅੱਠ ਘੰਟੇ ਬਿਜਲੀ ਸਪਲਾਈ ਲਈ ਐਕਸੀਅਨ ਦਫ਼ਤਰ ਘੇਰਿਆ
ਮੰਗ-ਪੱਤਰ ਰਾਹੀਂ ਘਰੇਲੂ ਬਿਜਲੀ ਕੱਟ ਬੰਦ ਕਰਨ ’ਤੇ ਵੀ ਜ਼ੋਰ
ਸਰਕਾਰੀ ਦਾਅਵਿਆਂ ਤੇ ਐਲਾਨਾਂ ਦੇ ਉਲਟ ਖੇਤੀ ਮੋਟਰਾਂ ਨੂੰ ਪੂਰੇ ਅੱਠ ਘੰਟੇ ਬਿਜਲੀ ਨਾਲ ਮਿਲਣ ਖ਼ਿਲਾਫ਼ ਅੱਜ ਇਥੇ ਕਿਸਾਨਾਂ ਨੇ ਐਕਸੀਅਨ ਦਫ਼ਤਰ ਮੂਹਰੇ ਰੋਸ ਪ੍ਰਗਟਾਇਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇਕੱਠ ਕਿਸਾਨਾਂ ਨੇ ਸਰਕਾਰ ਤੇ ਪਾਵਰਕੌਮ ਦੇ ਨਾਂ ਮੰਗ-ਪੱਤਰ ਵੀ ਐਕਸੀਅਨ ਨੂੰ ਸੌਂਪਿਆ। ਇਸ ਵਿੱਚ ਘਰੇਲੂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟ ਬੰਦ ਕਰਨ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਵਫ਼ਦ ਐਕਸੀਅਨ ਰਵੀ ਚੋਪੜਾ ਨੂੰ ਮਿਲਿਆ। ਐਕਸੀਅਨ ਨੇ ਮੰਗਾਂ ਪਾਵਰਕੌਮ ਤੇ ਸਰਕਾਰ ਨੂੰ ਭੇਜਣ ਅਤੇ ਸਥਾਨਕ ਪੱਧਰ ਦੀ ਮੰਗ ਦੋ ਦਿਨਾਂ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਜਥੇਬੰਦੀ ਨੇ ਤਾੜਨਾ ਕੀਤੀ ਕਿ ਬਿਜਲੀ ਸੁਧਾਰ ਨਾ ਹੋਣ ’ਤੇ ਉਹ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਣਗੇ। ਵਫ਼ਦ ਵਿੱਚ ਜਸਵੰਤ ਸਿੰਘ ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਹਰਪਾਲ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ ਸ਼ਾਮਲ ਸਨ।
ਸਮਰਾਲਾ (ਡੀ ਪੀ ਐੱਸ ਬੱਤਰਾ): ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ 3-4 ਘੰਟੇ ਬਿਜਲੀ ਮਿਲਣ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਹਰਦੇਵ ਸਿੰਘ ਬਾਗ, ਪ੍ਰਕਾਸ਼ ਸਿੰਘ ਉਧੋਵਾਲ, ਰਜਿੰਦਰ ਸਿੰਘ ਖੇੜਾ, ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਟਿਊਬਵੈੱਲਾਂ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਬਿਜਾਈ ਸਮੇਂ ਸਹੀ ਸਪਲਾਈ ਨਾ ਦੇਣਾ ਕਿਸਾਨਾਂ ਲਈ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਫੋਕੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬਿਜਲੀ ਕੱਟ ਲਗਾ ਕੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ।
ਪਾਵਰ ਕੰਟਰੋਲ ਪਟਿਆਲਾ ਦੇ ਨਿਰਦੇਸ਼ਾਂ ’ਤੇ ਲੱਗ ਰਹੇ ਨੇ ਕੱਟ : ਐੱਸ ਡੀ ਓ
ਸਮਰਾਲਾ: ਪਾਵਰਕਾਮ ਦੇ ਸਬ-ਡਵੀਜ਼ਨ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ। ਉਨ੍ਹਾਂ ਕਿਹਾ ਕਿ ਖੇਤ ਟਿਊਬਵੈੱਲਾਂ ਜਾਂ ਘਰਾਂ ਦੀ ਸਪਲਾਈ ਲਈ ਜੋ ਕੱਟ ਲੱਗ ਰਹੇ ਹਨ, ਉਸ ਸਬੰਧੀ ਪਾਵਰ ਕੰਟਰੋਲ ਪਟਿਆਲਾ ਵੱਲੋਂ ਜਾਰੀ ਨਿਰਦੇਸ਼ਾਂ ’ਤੇ ਲਗਾਏ ਜਾ ਰਹੇ ਹਨ।
