ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਗੁੱਸੇ ਵਿੱਚ ਚੱਲ ਰਹੇ ਵਾਲਮੀਕਿ ਸਮਾਜ ਦੇ ‘ਪੰਜਾਬ ਬੰਦ’ ਦੇ ਸੱਦੇ ’ਤੇ ਅੱਜ ਲੁਧਿਆਣਾ ਵਿੱਚ ਸਮਾਜ ਨੂੰ ਬੰਦ ਦਾ ਪੂਰਨ ਸਮਰਥਨ ਮਿਲਿਆ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਕੁੱਝ ਇਲਾਕਿਆਂ ਵਿੱਚ ਖੁੱਲ੍ਹੀਆਂ ਦੁਕਾਨਾਂ ਨੂੰ ਵਾਲਮੀਕਿ ਸਮਾਜ ਦੇ ਲੋਕਾਂ ਨੇ ਬੰਦ ਕਰਵਾਇਆ। ਲੋਕਾਂ ਨੇ ਘੰਟਾ ਘਰ ਵਿੱਚ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।
ਸਨਅਤੀ ਸ਼ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਚੌੜਾ ਬਾਜ਼ਾਰ, ਘੰਟਾ ਘਰ, ਰੇਲਵੇ ਸਟੇਸ਼ਨ ਰੋਡ, ਰੇਖੀ ਸਿਨੇਮਾ ਰੋਡ, ਸਮਰਾਲਾ ਰੋਡ, ਮਾਡਲ ਟਾਊਨ, ਘੁਮਾਰ ਮੰਡੀ, ਦੁੱਗਰੀ ਮਾਰਕੀਟ ਸਣੇ ਵੱਡੇ ਬਾਜ਼ਾਰ ਬੰਦ ਰਹੇ। ਸ਼ਾਮ 4:00 ਵਜੇ ਤੋਂ ਬਾਅਦ ਹੀ ਬਾਜ਼ਾਰ ਖੁੱਲ੍ਹੇ। ਹਾਲਾਂਕਿ ਕਈ ਥਾਈਂ ਪ੍ਰਦਰਸ਼ਨ ਵੀ ਹੋਇਆ ਅਤੇ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੂਝ-ਬੂਝ ਨਾਲ ਮਾਹੌਲ ਸ਼ਾਂਤ ਰਿਹਾ। ਇਸ ਦੌਰਾਨ ਅੰਦਰੂਨੀ ਇਲਾਕਿਆਂ ਵਿੱਚ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ।
ਘੰਟਾ ਘਰ ਚੌਕ ਨੇੜੇ ਅੱਜ ਸਵੇਰੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਨਰੇਸ਼ ਧੀਂਗਾਨ ਅਤੇ ਚੌਧਰੀ ਯਸ਼ਪਾਲ ਨੇ ਕੀਤੀ। ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਵਾਲਮੀਕਿ ਸਮਾਜ ਦੇ ਨੌਜਵਾਨ ਅਤੇ ਔਰਤਾਂ ਹੱਥਾਂ ਵਿੱਚ ਡਾ. ਬੀ ਆਰ ਅੰਬੇਡਕਰ ਦੀਆਂ ਤਸਵੀਰਾਂ ਲੈ ਕੇ ਇਨਸਾਫ਼ ਮੰਗਦੇ ਨਜ਼ਰ ਆਏ। ਕਮੇਟੀ ਦੇ ਆਗੂਆਂ ਦਾ ਦੋਸ਼ ਹੈ ਕਿ ਪੁਲੀਸ ਕਾਰਵਾਈ ਵਿੱਚ ਕਈ ਸਫ਼ਾਈ ਕਰਮਚਾਰੀ ਜ਼ਖ਼ਮੀ ਹੋਏ ਅਤੇ ਮਹਿਲਾ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਦੇ ਡੀ ਐੱਸ ਪੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਨਰੇਸ਼ ਧੀਂਗਾਨ ਅਤੇ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁੜ ਤੋਂ ਨਗਰ ਨਿਗਮ ਜ਼ੋਨ-ਏ ਵਿੱਚ ਧਰਨਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਸ਼ਾਂਤੀਪੂਰਨ ਬੰਦ ਦਾ ਸੱਦਾ ਸਫ਼ਲ ਰਿਹਾ। ਬੰਦ ਦੌਰਾਨ ਹਸਪਤਾਲ, ਐਂਬੂਲੈਂਸ ਸੇਵਾਵਾਂ, ਪੈਟਰੋਲ ਪੰਪ ਅਤੇ ਮੈਡੀਕਲ ਸਟੋਰ ਵਰਗੀਆਂ ਜ਼ਰੂਰੀ ਸੇਵਾਵਾਂ ਬਹਾਲ ਰਹੀਆਂ। ਸਫ਼ਾਈ ਕਰਮਚਾਰੀਆਂ ਦੇ ਇਸ ਅੰਦੋਲਨ ਨੂੰ ਸਿਆਸੀ ਗਲਿਆਰਿਆਂ ਤੋਂ ਵੀ ਮਜ਼ਬੂਤ ਸਹਾਰਾ ਮਿਲਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਨਤਕ ਤੌਰ ’ਤੇ ਬੰਦ ਦੀ ਪੈਰਵੀ ਕਰਦਿਆਂ ਆਪਣੀ ਪਾਰਟੀ ਦੇ ਵਰਕਰਾਂ ਅਤੇ ਆਮ ਜਨਤਾ ਨੂੰ ਵਾਲਮੀਕਿ ਸਮਾਜ ਦੀਆਂ ਮੰਗਾਂ ਦਾ ਇੱਕਜੁੱਟ ਹੋ ਕੇ ਸਮਰਥਨ ਕਰਨ ਦਾ ਸੱਦਾ ਦਿੱਤਾ।
ਰਾਏਕੋਟ/ਮੁੱਲਾਂਪੁਰ ਦਾਖਾ (ਚਰਨਜੀਤ ਸਿੰਘ ਢਿੱਲੋਂ): ਸੂਬੇ ਭਰ ਵਿੱਚ ਸਫ਼ਾਈ ਸੇਵਕਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਰਾਏਕੋਟ ਵਿੱਚ ਪੂਰਾ ਸਮਰਥਨ ਮਿਲਿਆ। ਸਮੁੱਚਾ ਬਾਜ਼ਾਰ ਅਤੇ ਹੋਰ ਨਿੱਜੀ ਅਦਾਰਿਆਂ ਨੇ ਕਾਰੋਬਾਰ ਬੰਦ ਰੱਖੇ। ਇਸ ਦੇ ਉਲਟ ਸਰਕਾਰੀ ਅਦਾਰੇ ਖੁੱਲੇ ਰਹੇ ਅਤੇ ਕੰਮ-ਕਾਜ ਆਮ ਵਾਂਗ ਚੱਲਦਾ ਰਿਹਾ। ਤਲਵੰਡੀ ਬਾਜ਼ਾਰ, ਕਮੇਟੀ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਐਮਰਜੈਂਸੀ ਸੇਵਾਵਾਂ ਹਸਪਤਾਲ, ਐਂਬੂਲੈਂਸ, ਮੈਡੀਕਲ ਸਟੋਰ ਲੋਕਾਂ ਦੀਆਂ ਲੋੜਾਂ ਨੂੰ ਦੇਖਦਿਆਂ ਖੁੱਲ੍ਹੇ ਰੱਖੇ ਗਏ। ਸਫ਼ਾਈ ਸੇਵਕਾਂ ਦੇ ਧਰਨੇ ਵਿੱਚ ਕਿਸਾਨ ਆਗੂ ਸਾਧੂ ਸਿੰਘ ਅੱਚਰਵਾਲ, ਨਿਰਮਲ ਫੇਰੂਰਾਂਈ, ਜਗਰੂਪ ਝੋਰੜਾਂ ਅਤੇ ਗੁਰਜੀਤ ਸਿੰਘ ਗਿੱਲ ਸਾਥੀਆਂ ਸਣੇ ਹਾਜ਼ਰ ਹੋਏ।
ਇਸੇ ਤਰ੍ਹਾਂ ਮੁੱਲਾਂਪੁਰ ਦਾਖਾ ਦੇ ਬਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਸਾਰਾ ਬਾਜ਼ਾਰ ਰਾਏਕੋਟ ਰੋਡ, ਮੰਡੀ, ਲੁਧਿਆਣਾ ਅਤੇ ਜਗਰਾਉਂ ਰੋਡ ਮੁਕੰਮਲ ਬੰਦ ਰਹੇ। ਸਫ਼ਾਈ ਕਾਮਿਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਜਨਤਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਸਮਰਾਲਾ (ਡੀ ਪੀ ਐੱਸ ਬੱਤਰਾ): ਬਰਨਾਲਾ ਵਿੱਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਅਤੇ ਸਫਾਈ ਸੇਵਕਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸਮਰਾਲਾ ਸ਼ਹਿਰ ਮੁਕੰਮਲ ਬੰਦ ਰਿਹਾ। ਵਪਾਰੀ ਵਰਗ ਨੇ ਬੰਦ ਨੂੰ ਸਹਿਯੋਗ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਹਾਲਾਂਕਿ ਸਕੂਲ, ਕਾਲਜ, ਡਾਕਟਰੀ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ। ਸਫ਼ਾਈ ਕਰਮਚਾਰੀ ਆਪਣੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਅਤੇ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ।
ਮਾਛੀਵਾੜਾ ਦੇ ਬਾਜ਼ਾਰਾਂ ’ਚ ਪੁਲੀਸ ਮੁਸਤੈਦ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ਬੰਦ ਦੇ ਸੱਦੇ ਤਹਿਤ ਮਾਛੀਵਾੜਾ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਮਾਛੀਵਾੜਾ ਦੀ ਤੜਕੇ ਲੱਗਦੀ ਸਬਜ਼ੀ ਮੰਡੀ ਬੰਦ ਰਹੀ ਅਤੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਦੀ ਮੰਗਾਂ ਦਾ ਸਮਰਥਨ ਕਰਦਿਆਂ ਦੁਕਾਨਾਂ ਵੀ ਬੰਦ ਰੱਖੀਆਂ। ਅੱਜ ਮਾਛੀਵਾੜਾ ਦੇ ਬਾਜ਼ਾਰਾਂ ਵਿੱਚ ਸੁੰਨ ਪਸਰੀ ਰਹੀ, ਇੱਥੋਂ ਤੱਕ ਕੋਈ ਰੇਹੜੀ ਵੀ ਨਹੀਂ ਲੱਗੀ ਹੋਈ ਸੀ। ਸਫ਼ਾਈ ਸੇਵਕ ਯੂਨੀਅਨ ਦੇ ਆਗੂ ਧਰਮਵੀਰ ਪਾਮੇ ਨੇ ਕਿਹਾ ਕਿ ਅੱਜ ਦਾ ਮੁਕੰਮਲ ਬੰਦ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਇਆ ਅਤੇ ਦੁਕਾਨਦਾਰਾਂ ਵੱਲੋਂ ਦਿੱਤੇ ਸਹਿਯੋਗ ਲਈ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਤੁਰੰਤ ਮੰਨੇ ਅਤੇ ਹੁਣ ਲਾਰੇ ਨਹੀਂ ਬਲਕਿ ਮੁਲਾਜ਼ਾਮਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇ। ਅੱਜ ਬੰਦ ਦੇ ਮੱਦੇਨਜ਼ਰ ਡੀ ਐੱਸ ਪੀ ਹੈੱਡਕੁਆਰਟਰ ਗੱਬਰ ਸਿੰਘ, ਥਾਣਾ ਮੁਖੀ ਚਰਨਜੀਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮਾਛੀਵਾੜਾ ਦੇ ਬਾਜ਼ਾਰਾਂ ਵਿੱਚ ਮੁਸਤੈਦ ਦਿਖਾਈ ਦਿੱਤੇ। ਡੀ ਐੱਸ ਪੀ ਗੱਬਰ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਤੇ ਸਫ਼ਾਈ ਸੇਵਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ ਮਾਛੀਵਾੜਾ ਸ਼ਹਿਰ ਵਿਚ ਬੈਂਕ, ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਰਹੇ ਅਤੇ ਆਵਾਜਾਈ ਵੀ ਨਿਰਵਿਘਨ ਜਾਰੀ ਰਹੀ।
ਭਾਜਪਾ ਆਗੂਆਂ ਨੇ ਦੁਕਾਨਾਂ ਖੋਲ੍ਹੀਆਂ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪੰਜਾਬ ਬੰਦ ਦੇ ਸੱਦੇ ਤਹਿਤ ਸਫਾਈ ਸੇਵਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਭਾਜਪਾ ਨੇ ਦੋਹਰਾ ਕਿਰਦਾਰ ਨਿਭਾਉਂਦਿਆਂ ਨਗਰ ਕੌਂਸਲ ਦੀ ਨਵੀਂ ਟੀਮ ਚੁਣਨ ਲਈ ‘ਆਪ’ ਦਾ ਸਮਰਥਨ ਦਿੱਤਾ ਹੈ ਅਤੇ ਦੂਜੇ ਪਾਸੇ ਪਾਰਟੀ ਦੇ ਉਪ ਪ੍ਰਧਾਨ ਸਤੀਸ਼ ਕੁਮਾਰ ਪੱਪੂ, ਸੈਂਟੀ ਚੋਪੜਾ, ਟੋਨੀ ਵਰਮਾ ਅਤੇ ਹੋਰ ਭਾਜਪਾ ਆਗੂ ਰੋਸ ਧਰਨੇ ’ਚ ਸ਼ਾਮਲ ਹੋਏ। ਭਾਜਪਾ ਆਗੂਆਂ ਨੇ ਦੂਜੇ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਤਾਲੇ ਮਰਵਾ ਕੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ।

