ਲੁਧਿਆਣਾ ’ਚ ਪੰਜਾਬ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ
ਸਫ਼ਾਈ ਕਰਮਚਾਰੀਆਂ ਵੱਲੋਂ ਡੀ ਸੀ ਦਫ਼ਤਰ ਅੱਗੇ ਨਾਅਰੇਬਾਜ਼ੀ; ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ’ਤੇ ਹੋਏ ਪੁਲੀਸ ਲਾਠੀਚਾਰਜ ਖ਼ਿਲਾਫ਼ ਵਾਲਮੀਕਿ ਸਮਾਜ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਰਲਵਾਂ-ਮਿਲਵਾਂ ਅਸਰ ਵੇਖਣ ਨੂੰ ਮਿਲਿਆ। ਬੰਦ ਦੌਰਾਨ ਸਮਾਜ ਦੇ ਆਗੂਆਂ ਅਤੇ ਸਮਰਥਕਾਂ ਨੇ ਇੱਕਜੁੱਟ ਹੋ ਕੇ ਵਿਰੋਧ ਦਰਜ ਕਰਵਾਇਆ, ਹਾਲਾਂਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਵਪਾਰਕ ਗਤੀਵਿਧੀਆਂ ਆਮ ਵਾਂਗ ਚੱਲਦੀਆਂ ਰਹੀਆਂ।
ਅੱਜ ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ ਕਾਰਨ ਦਿਨ ਭਰ ਨਿਗਮ ਦਾ ਦਫ਼ਤਰੀ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ, ਜਿੱਥੇ ਬਸਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਹਾਲਾਂਕਿ ਘੰਟਾ ਘਰ ਬਾਜ਼ਾਰ ਅਤੇ ਆਸ-ਪਾਸ ਦੇ ਖੇਤਰ ਖੁੱਲ੍ਹੇ ਰਹੇ। ਪ੍ਰਦਰਸ਼ਨਕਾਰੀਆਂ ਮੁਤਾਬਕ 22 ਜੁਲਾਈ ਨੂੰ ਬਰਨਾਲਾ ’ਚ ਨਿਹੱਥੇ ਸਫ਼ਾਈ ਕਰਮਚਾਰੀਆਂ ’ਤੇ ਕੀਤਾ ਲਾਠੀਚਾਰਜ ਨਿੰਦਣਯੋਗ ਹੈ। ਭਾਵੇਂ ਸਰਕਾਰ ਨੇ ਬਰਨਾਲਾ ਦੇ ਡੀ ਐੱਸ ਪੀ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਸਮਾਜ ਇਸ ਨੂੰ ਨਾਕਾਫ਼ੀ ਮੰਨ ਰਿਹਾ ਹੈ। ਵਾਲਮੀਕਿ ਸਮਾਜ ਦੇ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁਲਾਜ਼ਮਾਂ ਨੇ ਅੱਜ ਕੰਮ-ਕਾਜ ਬੰਦ ਰੱਖ ਕੇ ਰੋਸ ਜ਼ਾਹਿਰ ਕੀਤਾ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਜੋ ਫ਼ੈਸਲਾ ਲਵੇਗੀ, ਉਹ ਉਸੇ ਆਧਾਰ ’ਤੇ ਅਗਲਾ ਸੰਘਰਸ਼ ਕਰਨਗੇ।
ਲੁਧਿਆਣਾ (ਗੁਰਿੰਦਰ ਸਿੰਘ): ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੁਤਲਾ ਫ਼ੂਕ ਮੁਜ਼ਾਹਰਾ ਕਰਕੇ ਡੀ ਸੀ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ’ਚ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐੱਸ ਸੀ ਐਕਟ ਲਾਉਣ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਬਲਵਿੰਦਰ ਜੱਸੀ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਸਣੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਲਈ ਮੰਗ ਪੱਤਰ ਭੇਜਿਆ ਗਿਆ ਹੈ। ਇਸ ਮੌਕੇ ਇੰਚਾਰਜ ਬਲਵਿੰਦਰ ਸਿੰਘ ਬਿੱਟਾ, ਭਾਗ ਸਿੰਘ ਸਰੀਂਹ, ਲੋਕ ਸਭਾ ਇੰਚਾਰਜ ਪਰਗਣ ਬਿਲਗਾ, ਅਮਨ ਢਿੱਲੋਂ, ਬਹਾਦਰ ਸਿੰਘ ਸਰੀਂਹ ਅਤੇ ਮਾਸਟਰ ਰਾਜਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ‘ਤੇ ਕੀਤੇ ਜ਼ਬਰ ਨੇ ਸਾਰੇ ਪਿਛਲੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਮੌਕੇ ਬਿੱਟੂ ਸ਼ੇਰਪੁਰੀ, ਕੁਲਦੀਪ ਸਾਂਪਲਾ, ਮਾਸਟਰ ਬੀਰ ਸਿੰਘ, ਸੁਖਬੀਰ ਸਿੰਘ ਸੰਗੋਵਾਲ, ਇੰਜੀ: ਬਿੰਦਰ ਸਿੰਘ ਬਾਗੀ, ਮੇਜਰ ਸਿੰਘ, ਸਤਵਿੰਦਰ ਸਿੰਘ ਲੁਹਾਰਾ, ਭਿੰਦਰ ਸਿੰਘ ਸੇਖੋਂ ਅਤੇ ਗੁਰਬਚਨ ਸਿੰਘ ਮਾਨ ਹਾਜ਼ਰ ਸਨ।
ਰਾਏਕੋਟ (ਚਰਨਜੀਤ ਸਿੰਘ ਢਿੱਲੋਂ): ਬਰਨਾਲਾ ਲਾਠੀਚਾਰਜ ਖ਼ਿਲਾਫ਼ ਰਾਏਕੋਟ ਨਗਰ ਕੌਂਸਲ ਨਾਲ ਸਬੰਧਤ ਕਾਮਿਆਂ ਨੇ ਅੱਜ ਸਰਕਾਰ ਦਾ ਪੁਤਲਾ ਫੂਕਿਆ। ਸਫਾਈ ਸੇਵਕ ਯੂਨੀਅਨ ਰਾਏਕੋਟ ਦੇ ਆਗੂ ਦਵਿੰਦਰ ਗਿੱਲ ਨੇ ਕਿਹਾ ਕਿ ਸਫਾਈ ਸੇਵਕ ਪਿਛਲੇ ਕਈ ਦਿਨ ਤੋਂ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਹਨ, ਲੋਕਤੰਤਰੀ ਢੋਗ ਨਾਲ ਹੜਤਾਲ ’ਤੇ ਹਨ। ਇਸੇ ਦੌਰਾਨ ਬਰਨਾਲਾ ਪੁਲੀਸ ਨੇ ਕਾਮਿਆਂ ’ਤੇ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਔਰਤਾਂ ਅਤੇ ਸੇਵਕਾਂ ਨੂੰ ਜ਼ਖ਼ਮੀ ਕੀਤਾ। ਇਸ ਮਗਰੋਂ ਬਰਨਾਲਾ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੂੰ ਨਾਜਾਇਜ਼ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਲੋਕਤੰਤਰੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਹਿਰਾਸਤ ’ਚ ਲਏ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਸਰਦਾਰ ਹਰੀ ਸਿੰਘ ਨਲੂਆ ਚੌਕ ਵਿੱਚ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਬਰਨਾਲਾ ਲਾਠੀਚਾਰਜ ਖ਼ਿਲਾਫ਼ ਅੱਜ ਇੱਥੋਂ ਦੇ ਲਲਹੇੜੀ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੇ ਰਾਜਪਾਲ ਪੰਜਾਬ ਦੇ ਨਾਂ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੂੰ ਮੰਗ ਪੱਤਰ ਸੌਂਪਿਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਚੋਣ ਮੈਨੀਫੈਸਟੋ ਵਿਚ ਦਿੱਤੀਆਂ ਗਾਰੰਟੀਆਂ ਸਾਰੇ ਕੱਚੇ ਸਫ਼ਾਈ ਕਰਮੀਆਂ ਨੂੰ ਪੱਕੇ ਕੀਤਾ ਜਾਵੇਗੀ ਸਬੰਧੀ ਨਿਰਪੱਖ ਕਮਿਸ਼ਨ ਬਣਾ ਕੇ ਸਮਾਂਬੱਧ ਰਿਪਰੋਟ ਦੇਣ ਲਈ ਪਾਬੰਦ ਕੀਤਾ ਜਾਵੇ, ਤਸ਼ੱਦਦ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇ, ਸਾਰੇ ਜ਼ਖ਼ਮੀ ਮੁਲਾਜ਼ਮਾਂ ਦੇ ਇਲਾਜ ਦਾ ਖ਼ਰਚਾ ਸਰਕਾਰ ਵੱਲੋਂ ਕੀਤਾ ਜਾਵੇ ਅਤੇ ਮੁਆਵਜ਼ਾ ਦੇਣ ਲਈ ਯੋਗ ਪ੍ਰਬੰਧ ਕੀਤੇ ਜਾਣ, ਸਫ਼ਾਈ ਕਰਮਚਾਰੀਆਂ ਦੀ ਮੰਗਾਂ ਬਿਨਾਂ ਸ਼ਰਤ ਮੰਨੀਆਂ ਜਾਣ। ਇਸ ਮੌਕੇ ਰਵਿੰਦਰ ਸਿੰਘ, ਬਲਵੀਰ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ, ਹਰਜਿੰਦਰਪਾਲ ਸਿੰਘ, ਸ਼ਿੰਦਰ ਸਿੰਘ ਅਤੇ ਜਗਜੀਤ ਸਿੰਘ ਹਾਜ਼ਰ ਸਨ।
ਸਰਕਾਰ ਤੁਰੰਤ ਮੁਆਫ਼ੀ ਮੰਗੇ: ਗੋਸ਼ਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਬਰਨਾਲਾ ਲਾਠੀਚਾਰਜ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਤੁਰੰਤ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਸਮਾਜ ਦੇ ਅਸਲ ਕਰਮਯੋਗੀ ਹਨ। ਅਜਿਹੇ ਕਰਮਚਾਰੀਆਂ ਨਾਲ ਲਾਠੀ ਦੇ ਜ਼ੋਰ ’ਤੇ ਵਿਵਹਾਰ ਕਰਨਾ ਕਿਸੇ ਵੀ ਸੰਵੇਦਨਸ਼ੀਲ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਪੰਜਾਬ ਦੀ ਜਨਤਾ ਅਤੇ ਸਫ਼ਾਈ ਕਰਮਚਾਰੀਆਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ, ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਜੇਕਰ ਕਿਸੇ ਵੀ ਕਰਮਚਾਰੀ ਨਾਲ ਬੇਇਨਸਾਫ਼ੀ ਹੋਈ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸਬੰਧਤ ਮੰਤਰੀ ਨੂੰ ਨੈਤਿਕ ਜ਼ਿੰਮੇਵਾਰੀ ਸਵੀਕਾਰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਲੱਖਾ ਸਾਥੀਆਂ ਸਣੇ ਹੜਤਾਲ ’ਚ ਸ਼ਾਮਲ ਹੋਏ
ਮਲੌਦ (ਦੇਵਿੰਦਰ ਸਿੰਘ ਜੱਗੀ): ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਅਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਮਲੌਦ ਵਿੱਚ ਸਫ਼ਾਈ ਸੇਵਕਾਂ ਦੀ ਹੜਤਾਲ ਵਿੱਚ ਸ਼ਾਮਲ ਹੋ ਕੇ ਹਮਾਇਤ ਦਾ ਐਲਾਨ ਕੀਤਾ। ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਸੂਬਾ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਮੰਨੇ। ਇਸ ਮੌਕੇ ਰੁਪਿੰਦਰ ਸਿੰਘ ਬਿੰਦੂ ਪਾਇਲ, ਪ੍ਰਧਾਨ ਰਾਮ ਸਿੰਘ ਸੋਮਲ ਖੇੜੀ, ਪ੍ਰਧਾਨ ਸੁਰਿੰਦਰ ਕੁਮਾਰ ਢੀਗਰਾ, ਰਮਲਜੀਤ ਸਿੰਘ ਗਰਚਾ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਸ਼ੋਮਲ ਖੇੜੀ, ਨੰਬਰਦਾਰ ਪ੍ਰਿਥੀ ਸਿੰਘ ਮਲੌਦ, ਜਸਵੀਰ ਸਿੰਘ ਗੋਸਲਾਂ ਤੋਂ ਇਲਾਵਾ ਸਫਾਈ ਸੇਵਕ ਮੌਜੂਦ ਸਨ।
ਇਨਕਲਾਬੀ ਕੇਂਦਰ ਵੱਲੋਂ ਹਮਾਇਤ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਸਫ਼ਾਈ ਕਾਮਿਆਂ ਦੀ ਮੰਗਾਂ ਦੇ ਹੱਕ ਵਿੱਚ ਚੱਲ ਰਹੀ ਅਣਮਿਥੇ ਸਮੇਂ ਦੀ ਮੁਕੰਮਲ ਹੜਤਾਲ ਸਬੰਧੀ ਸਰਕਾਰ ਦੇ ਢੀਠ ਰਵੱਈਏ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਸਫ਼ਾਈ ਕਾਮਿਆਂ ਵੱਲੋਂ 30 ਜੁਲਾਈ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਬਰਨਾਲਾ ਪੁਲੀਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ, ਐੱਸ ਸੀ/ਐੱਸ ਟੀ ਐਕਟ ਦਾ ਪਰਚਾ ਕਰਨ ਦੀ ਮੰਗ ਲਈ 30 ਜੁਲਾਈ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੀ ਸਾਰੇ ਪੰਜਾਬ ਵਿੱਚ ਇਨਕਲਾਬੀ ਕੇਂਦਰ ਪੰਜਾਬ ਪੂਰੇ ਜ਼ੋਰ ਨਾਲ ਸਮਰਥਨ ਕਰੇਗਾ। ਉਨ੍ਹਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਸਦੇ ਪੰਜਾਬੀਆਂ ਨੂੰ ਬੰਦ ਦੇ ਸਮਰਥਨ ਵਿੱਚ ਕਾਰੋਬਾਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।

