Punjab Assembly Elections: ਹਲਕਾ ਸਮਰਾਲਾ ’ਚ ‘ਆਪ’ ਦੇ ਕਈ ਸੰਭਾਵੀ ਉਮੀਦਵਾਰ
ਵਿਧਾਇਕ ਦਿਆਲਪੁਰਾ ਮਜ਼ਬੂਤ ਦਾਅਵੇਦਾਰ ਪਰ ਖੀਰਨੀਆਂ ਤੇ ਤੇਜਿੰਦਰ ਗਰੇਵਾਲ ਵੀ ਟਿਕਟ ਲਈ ਯਤਨਸ਼ੀਲ
ਵਿਧਾਨ ਸਭਾ ਹਲਕਾ ਸਮਰਾਲਾ ਜਿੱਥੇ ਕਿ ਇਸ ਸਮੇਂ ਸੱਤਾਧਰੀ ਧਿਰ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਸਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਰਨ ਲਈ ਇਲਾਕੇ ’ਚ ਬੈਨਰ ਲਾ ਦਿੱਤੇ ਹਨ ਕਿ ‘ਜਗਤਾਰ ਸਿੰਘ ਦਿਆਲਪੁਰਾ ਦੁਬਾਰਾ।’ ਪਿਛਲੇ 5 ਸਾਲ ਦੌਰਾਨ ਵਿਧਾਇਕ ਦਿਆਲਪੁਰਾ ’ਤੇ ਕੋਈ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦੋਸ਼ ਨਹੀਂ ਲੱਗੇ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਵਿਚ ਵਿਰੋਧਤਾ ਹੈ। ਦੂਜੇ ਪਾਸੇ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਟਿਕਟ ਦੇ ਇੱਛੁਕ ਸਨ ਪਰ ਉਨ੍ਹਾਂ ਨੂੰ ਟਿਕਟ ਨਾ ਮਿਲੀ। ਇਸ ਕਾਰਨ ਉਨ੍ਹਾਂ ਨੇ ਪਾਰਟੀ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਦੀ ਡੱਟ ਕੇ ਮੱਦਦ ਕੀਤੀ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਇਲਾਕੇ ਵਿਚ ਵੱਖਰੀ ਪਛਾਣ ਹੈ ਕਿਉਂਕਿ ਉਹ ਹਰੇਕ ਦੇ ਦੁੱਖ, ਸੁੱਖ ਵਿਚ ਸ਼ਾਮਲ ਹੁੰਦੇ ਹਨ ਅਤੇ ਈਮਾਨਦਾਰ ਤੇ ਨੇਕ ਦਿਲ ਸਖ਼ਸ਼ੀਅਤ ਦੇ ਮਾਲਕ ਹਨ। ਜੇ ‘ਆਪ’ ਹਾਈਕਮਾਂਡ ਹਲਕਾ ਸਮਰਾਲਾ ਤੋਂ ਟਿਕਟ ਬਦਲਣਾ ਚਾਹੁੰਦੀ ਹੈ ਤਾਂ ਖੀਰਨੀਆਂ ਪਾਰਟੀ ਦੇ ਮਜ਼ਬੂਤ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਆਮ ਆਦਮੀ ਪਾਰਟੀ ਵਿੱਚ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਤੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੋਂ ਇਲਾਵਾ ਹੋਰ ਪ੍ਰਮੁੱਖ ਅਹੁਦਿਆਂ ’ਤੇ ਬਿਰਾਜਮਾਨ ਤੇਜਿੰਦਰ ਸਿੰਘ ਗਰੇਵਾਲ ਨੇ ਵੀ ਹਲਕਾ ਸਮਰਾਲਾ ਵਿਚ ਵੱਡੇ-ਵੱਡੇ ਬੋਰਡ ਲਾ ਦਿੱਤੇ। ਉਨ੍ਹਾਂ ਵਲੋਂ ਬੇਸ਼ੱਕ ਬੋਰਡਾਂ ’ਤੇ ਵਿਧਾਇਕ ਦਿਆਲਪੁਰਾ ਦੀ ਫੋਟੋ ਨਾਲ ਲਾਈ ਗਈ ਹੈ ਪਰ ਜੋ ਹੇਠਾਂ ਨਾਅਰਾ ਦਿੱਤਾ ਹੈ ਉਸ ਵਿੱਚ ਦਿਆਲਪੁਰਾ ਦੁਬਾਰਾ ਨਹੀਂ ਬਲਕਿ ‘ਮਾਨ ਸਰਕਾਰ’ ਦੁਬਾਰਾ ਲਿਖਿਆ ਹੈ, ਜਿਸ ਤੋਂ ਇੰਝ ਜਾਪ ਰਿਹਾ ਹੈ ਕਿ ਉਹ ਵੀ ਟਿਕਟ ਦੇ ਦਾਅਵੇਦਾਰ ਹਨ। ਤੇਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ‘ਆਪ’ ਦੇ ਉਹ ਪੁਰਾਣੇ ਟਕਸਾਲੀ ਵਰਕਰ ਹਨ ਜਿਨ੍ਹਾਂ ਦਾ ਟਿਕਟ ਮੰਗਣਾ ਹੱਕ ਹੈ ਪਰ ਬਾਕੀ ਜੋ ਹਾਈਕਮਾਂਡ ਨਿਰਦੇਸ਼ ਦੇਵੇਗੀ ਉਹ ਮੰਨਜ਼ੂਰ ਹੋਵੇਗਾ। ਇਸ ਤੋਂ ਇਲਾਵਾ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਜਿਨ੍ਹਾਂ ਦੀ ਪਿਛਲੇ ਸਵਾ ਸਾਲ ਤੋਂ ਇਤਿਹਾਸਕ ਸ਼ਹਿਰ ਮਾਛੀਵਾੜਾ ਵਿੱਚ ਕੀਤੀ ਵਧੀਆ ਕਾਰਗੁਜ਼ਾਰੀ ਕਾਰਨ ਪੂਰੇ ਹਲਕਾ ਸਮਰਾਲਾ ਵਿੱਚ ਪੂਰੀ ਚਰਚਾ ’ਚ ਹਨ। ਪ੍ਰਧਾਨ ਕੁੰਦਰਾ ਦੇ ਵਧੀਆ ਕੰਮਾਂ ਨੂੰ ਦੇਖਦਿਆ ਲੋਕ ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਵਿਧਾਇਕ ਵਜੋਂ ਵੀ ਦੇਖ ਰਹੇ ਹਨ।

