PTM Controversy: ਪੀ ਟੀ ਐੱਮ ਨੂੰ ਪਾਰਟੀ ਪ੍ਰਚਾਰ ਲਈ ਵਰਤਣ ਦਾ ਵਿਰੋਧ
ਮਾਪਿਆਂ ਨੂੰ ਸਕੂਲਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਅਪੀਲ
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ 9 ਅਕਤੂਬਰ ਨੂੰ ਉਲੀਕੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਨੂੰ ਪਾਰਟੀ ਪ੍ਰਚਾਰ ਲਈ ਵਰਤੇ ਜਾਣ ਦਾ ਦੋਸ਼ ਲਾਉਂਦਿਆਂ ਅਧਿਆਪਕ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਨਾਲ ਜੁੜੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਬੰਧ ਦਾ ‘ਝਾੜੂਕਰਨ’ ਕੀਤੇ ਜਾਣ ਦਾ ਨੁਕਸਾਨ ਹੋਵੇਗਾ। ਉਨ੍ਹਾਂ ਅਧਿਆਪਕਾਂ ਨੂੰ ਪੀ ਟੀ ਐੱਮ ਵਿੱਚ ਪੁੱਜੇ ਮਾਪਿਆਂ ਨੂੰ ਸਕੂਲਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ। ਅਧਿਆਪਕ ਆਗੂ ਜੋਗਿੰਦਰ ਆਜ਼ਾਦ ਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਸਣੇ ਹੋਰਨਾਂ ਨੇ ਕਿਹਾ ਕਿ ਬਦਲਾਅ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਰਾਜਸੀ ਮਨਸੂਬੇ ਪੂਰੇ ਕਰਨ ਲਈ ਕੋਈ ਵੀ ਮੌਕਾ ਨਹੀਂ ਛੱਡ ਰਹੀ। ਸਕੂਲਾਂ ਦੇ ਬੱਚਿਆਂ ਨੂੰ ਮੁੱਖ ਮੰਤਰੀ ਦੀ ਫੋਟੋ ਵਾਲੇ ਬੈਗ, ਲਿਫਾਫੇ ਵੰਡਣ ਤੋ ਬਾਅਦ ਹੁਣ ਨੌਂ ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਵਿੱਚ ਸਰਕਾਰ ਦੀਆਂ ਲੋਕ ਲਭਾਊ ਯੋਜਨਾਵਾਂ ਦੱਸ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾਇਆ ਜਾਵੇਗਾ। ਸਕੂਲਾਂ ਵਿੱਚ ਸਰਕਾਰ ਵੱਲੋਂ ਜੋ ਪ੍ਰਿੰਟ ਮਟੀਰੀਅਲ ਛਾਪ ਕੇ ਮਾਪਿਆਂ ਨੂੰ ਵੰਡਣ ਲਈ ਭੇਜਿਆ ਗਿਆ ਹੈ ਉਸ ਵਿੱਚ ਸਰਕਾਰ ਦੀਆਂ ਲੋਕ ਲਭਾਊ ਯੋਜਨਾਵਾਂ ਬਾਰੇ ਦੱਸਿਆ ਗਿਆ ਹੈ। ਸੂਬੇ ਦੇ ਸੈਕੰਡਰੀ ਸਕੂਲਾਂ ਵਿੱਚ ਸੱਤਰ ਫ਼ੀਸਦੀ ਪ੍ਰਿੰਸੀਪਲ ਦੀਆਂ ਪੋਸਟਾਂ, ਅਧਿਆਪਕ, ਹੈਡਮਾਸਟਰ ਅਤੇ ਬੀਪੀਓਜ਼ ਦੀਆਂ ਖਾਲੀ ਪੋਸਟਾਂ ਸਮੇਤ 35000 ਪੋਸਟਾਂ ਖਾਲੀ ਹਨ। ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਤੇ ਹਰਦੀਪ ਸਿੰਘ ਰਸੂਲਪੁਰ ਨੇ ਕਿਹਾ ਕਿ ਸਿਰਫ ਰੰਗ ਰੋਗਣ ਕਰਨ ਨਾਲ ਸਕੂਲਾਂ ਦੀ ਹਾਲਤ ਨਹੀਂ ਸੁਧਰ ਜਾਂਦੀ ਬਲਕਿ ਅਧਿਆਪਕਾਂ ਨੂੰ ਗ਼ੈਰਵਿਦਿਅਕ ਕੰਮਾਂ ਤੋ ਮੁਕਤ ਕਰਕੇ ਪੜ੍ਹਾਈ ਕਰਵਾਉਣ ਦਾ ਮੌਕਾ ਦੇਣ ਨਾਲ ਸਕੂਲਾਂ ਦੀ ਹਾਲਤ ਸੁਧਰੇਗੀ।

