ਪਿੰਡਾਂ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਮੁਜ਼ਾਹਰੇ

ਮੋਦੀ ’ਤੇ ਕਿਸਾਨਾਂ ਦੇ ਉਜਾੜੇ ਦਾ ਦੋਸ਼; ਪੰਜਾਬ ਬੰਦ ਦੀ ਹਮਾਇਤ ਵਿੱਚ ਇਕੱਠੇ ਹੋਣ ਦਾ ਸੱਦਾ

ਪਿੰਡਾਂ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਮੁਜ਼ਾਹਰੇ

ਰਸੂਲਪੁਰ (ਮੱਲਾ) ਵਿੱਚ ਸਰਕਾਰ ਦਾ ਪੁਤਲਾ ਫੂਕ ਦੇ ਹੋੋਏ ਕਿਸਾਨ ਤੇ ਮਜ਼ਦੂਰ।

ਚਰਨਜੀਤ ਸਿੰਘ ਢਿੱਲੋਂ 

ਜਗਰਾਉਂ, 22 ਸਤੰਬਰ

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਸੈੱਲ ਨੇ ਮਾਣੂੰਕੇ, ਲੱਖਾ, ਹਠੂਰ ਅਤੇ ਬੁਰਜ਼ ਕੁਲਾਰਾਂ ਸਣੇ ਹੋਰਨਾਂ ਪਿੰਡਾਂ ਵਿੱਚ ਭਰਵੇਂ ਮਾਰਚ ਕੀਤੇ ਅਤੇ ਮੋਦੀ ਦੀਆਂ ਅਰਥੀਆਂ ਫੂਕ ਕੇ ਰੋਸ ਜ਼ਾਹਿਰ ਕੀਤਾ। ਕਿਸਾਨ ਆਗੂ ਤਰਲੋਚਨ ਝੋਰੜਾਂ, ਸਾਧੂ ਅੱਚਰਵਾਲ, ਜਿੰਦਰ ਮਾਣੂੰਕੇ, ਤਾਰ ਬੁਰਜ਼ ਕੁਲਾਰਾ ਅਤੇ ਮਨੋਹਰ ਝੋਰੜਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੇ ਪੂਰਨ ਉਜਾੜੇ ਰਾਹੀਂ ਦੇਸ਼ ਵਿੱਚ ਕਾਰਪੋਰੇਟ ਰਾਜ ਸਥਾਪਿਤ ਕਰਨ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਤਹਿਤ ਜਦੋਂ ਵਪਾਰੀ ਪਿੰਡ ਵਿੱਚ ਹੀ ਫਸਲ ਖਰੀਦੇਗਾ ਤਾਂ ਮੰਡੀਆਂ ਦਾ ਆਪਣੇ ਆਪ ਹੀ ਭੋਗ ਪੈ ਜਾਵੇਗਾ।  ਇਸੇ ਤਰ੍ਹਾਂ ਲੋਕ ਲਾਮਬੰਦੀ ਲਈ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰਸੂਲਪੁਰ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿਸ ਦੌਰਾਨ ਜਨਤਕ ਆਗੂਆਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਬਿੱਲਾਂ ਨਾਲ ਖੇਤੀ ਧੰਦੇ ਮਿਲਿਆ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਤੰਤਰ ਦਾ ਘਾਣ ਕੀਤਾ ਹੈ। ਇਸ ਮੌਕੇ ਉਨ੍ਹਾਂ ‘ਖੇਤਾਂ ਦੇ ਪੁੱਤਰੋ ਜਾਗੋ, ਉਹ ਤੁਹਾਡੇ ਖੇਤ ਖੋਹਣ ਆ ਰਿਹਾ ਹੈ’ ਦੇ ਨਾਅਰੇ ਲਾਏ ਅਤੇ ਇਹੋ ਇਬਾਰਤ ਲਿਖੀ ਬੈਨਰ ਫੜ ਪੁਤਲੇ ਫੂਕੇ।  

ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਖੇਤੀ ਬਿੱਲਾਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਰੂੰਮੀ ਵਿੱਚ ਇਕਬਾਲ ਰੂੰਮੀ ਦੀ ਪ੍ਰਧਾਨਗੀ ਹੇਠ ਅਤੇ ਕਾਮਰੇਡ ਹਰਦੇਵ ਸੰਧੂ ਦੀ ਸਰਪਰਸਤੀ ਹੇਠ ਹੋਈ। ਮੀਟਿੰਗ ’ਚ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ਤੋਂ ਵੱਡਾ ਸੰਘਰਸ਼ ਆਰੰਭਣ ਲਈ ਅਪੀਲ ਕਰਦਿਆਂ ਕਾਮਰੇਡ ਸੰਧੂ ਨੇ ਆਖਿਆ ਕਿ ਜਦੋਂ ਟੀਚਾ ਇੱਕ ਹੋਵੇ ਤਾਂ ਉਸ ਦੀ ਪ੍ਰਾਪਤੀ ਲਈ ਸਮੂਹਿਕ ਸੰਘਰਸ਼ ਹੀ ਸਫਲਤਾ ਦੇ ਰਾਹ ਖੋਲ੍ਹਦਾ ਹੈ। ਉਨ੍ਹਾਂ 25 ਸਤੰਬਰ ਦੇ ਬੰਦ ਦੀ ਹਮਾਇਤ ਕਰਦਿਆਂ ਰੋਸ ਮਾਰਚ ਕੱਢਣ ਦੀ ਗੱਲ ਆਖੀ ਅਤੇ 29 ਸਤੰਬਰ ਨੂੰ ਸਰਬਪਾਰਟੀ ਮੀਟਿੰਗ, ਜੋ ਕਿ ਦੇਸ਼ ਭਗਤ ਯਾਦਗਾਰੀ ਹਾਲ ’ਚ ਹੋ ਰਹੀ ਹੈ, ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। 

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਵਿਧਾਨ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਅਤੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ ਹਨ ਕਿ ਸੂਬੇ ’ਚ ਜੋ ਕਿਸਾਨ ਯੂਨੀਅਨਾਂ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲ ਪਾਸ ਕਰਨ ਦੇ ਵਿਰੋਧ ’ਚ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਜੋ ਐਲਾਨ ਕੀਤਾ ਹੈ ਉਸ ਦਾ ਸਮਰਥਨ ਕੀਤਾ ਜਾਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਵਾਲੇ ਦਿਨ ਕੁਹਾੜਾ ਦੇ ਮੇਨ ਚੌਂਕ ਵਿੱਚ 11 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਕਿਸਾਨਾਂ ਨੂੰ ਨਾਲ ਲੈ ਕੇ ਚੱਕਾ ਜਾਮ ਕਰਨਗੇ ਅਤੇ ਜਦੋਂ ਤੱਕ ਕੇਂਦਰ ਸਰਕਾਰ ਇਹ ਬਿੱਲ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਪਾਰਟੀ ਵਰਕਰ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਕਿਸਾਨਾਂ ਲਈ ਅੱਗੇ ਆਉਣ ।

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲ ਕਿਸਾਨਾਂ ਅਤੇ ਦੇਸ਼ ਲਈ ਘਾਤਕ ਸਿੱਧ ਹੋਣਗੇ ਅਤੇ ਅਕਾਲੀ ਦਲ ਇਨ੍ਹਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਦੀ ਪੂਰੀ ਹਿਮਾਇਤ ਕਰੇਗਾ। ਅੱਜ ਇੱਥੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਡਾਹਕੇ ਖੜ੍ਹਿਆ ਹੈ ਅਤੇ ਆਰਡੀਨੈਂਸ ਦਾ ਵਿਰੋਧ ਕਰਨ ਲਈ ਅਤੇ ਕਿਸਾਨਾਂ ਦੇ ਹੱਕ ਵਿੱਚ 25 ਸੰਤਬਰ ਨੂੰ ਚੱਕਾ ਜਾਮ ਕਰੇਗੀ। ਉਨ੍ਹਾਂ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਚੱਕਾ ਜਾਮ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਪਾਰਟੀ ਦੇ ਯੋਧੇ ਕਿਸਾਨਾਂ ਲਈ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All