ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 27 ਨਵੰਬਰ
ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ’ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਢਾਹੇ ਅਣਮਨੁੱਖੀ ਤਸ਼ੱਦਦ ਦੀ ਚੁਫੇਰਿਓ ਨਿੰਦਾ ਹੋ ਰਹੀ ਹੈ । ਲਾਲਾ ਲਾਜਪਤ ਰਾਏ ਡੀਏਵੀ ਕਾਲਜ ਜਗਰਾਉਂ ਦੀ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ(ਪੰਜਾਬ) ਨਾਲ ਸਬੰਧਤ ਅਧਿਆਪਕ ਜਥੇਬੰਦੀ ਨੇ ਕਾਲਜ ਕੈਂਪਸ ਵਿੱਚ ਕਿਸਾਨਾਂ ਦੇ ਹੱਕ ਵਿੱਚ ਧਰਨਾ ਦਿੱਤਾ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ । ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀ ਇਕਾਈ ਜਗਰਾਉਂ ਡਿੱਪੂ ਨੇ ਵੀ ਮੋਦੀ ਅਤੇ ਖੱਟਰ ਸਰਕਾਰ ਖਿਲਾਫ ਗੇਟ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ । ਪ੍ਰੋ. ਕਰਮ ਸਿੰਘ ਸੰਧੂ, ਕੰਵਲਜੀਤ ਖੰਨਾ, ਹਰਦੀਪ ਗਾਲਬਿ ਨੇ ਕਿਹਾ ਕਿ ਕਿਸਾਨੀ ਰੋਹ ਅੱਗੇ ਕਿਸੇ ਵੀ ਸਰਕਾਰ ਦੇ ਬੈਰੀਗੇਡ, ਪਾਣੀ ਦੀਆਂ ਬੁਛਾੜਾਂ ਟਿਕ ਨਹੀਂ ਸਕਦੀਆਂ ।
ਕਿਸਾਨ ਸੜਕਾਂ ਤੋਂ ਅੰਦੋਲਨ ਨਾ ਚੁੱਕਣ: ਬਿੱਟੂ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਜੋ ਘਬਰਾਹਟ ਵਿਚ ਆ ਕੇ ਕਿਸਾਨਾਂ ਨੂੰ ਕਿਸੇ ਸਟੇਡੀਅਮ ਜਾਂ ਵੱਡੇ ਮੈਦਾਨ ’ਚ ਲਿਆਉਣਾ ਚਾਹੁੰਦੀ ਹੈ ਜਿਸ ਦੀ ਗਲਤੀ ਉਹ ਨਾ ਕਰਨ, ਕਿਉਂਕਿ ਜੇ ਕਿਸਾਨਾਂ ਨੇ ਇੱਕ ਵਾਰ ਸੜਕਾਂ ਤੋਂ ਅੰਦੋਲਨ ਚੁੱਕ ਲਿਆ ਤਾਂ ਫਿਰ ਕੇਂਦਰ ਖਿਲਾਫ਼ ਜਿੱਤੀ ਲੜਾਈ ਉਨ੍ਹਾਂ ਦੇ ਹੱਥੋਂ ਖੁਸ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸਿਆਸੀ ਲੋਕ ਕਿਸਾਨਾਂ ਦੇ ਅੰਦੋਲਨ ’ਚ ਆਉਂਦੇ ਤਾਂ ਫਿਰ ਕੇਂਦਰ ਇਸ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਕਾਂਗਰਸ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦਾ ਅੰਦੋਲਨ ਬਿਲਕੁਲ ਜਿੱਤ ਦੇ ਨਜ਼ਦੀਕ ਹੈ ਪਰ ਜੇ ਸੜਕਾਂ ਛੱਡ ਦਿੱਤੀਆਂ ਤਾਂ ਇਹ ਵੱਡੀ ਗਲਤੀ ਸਾਬਤ ਹੋ ਸਕਦੀ ਹੈ।
ਨੈਸ਼ਨਲ ਹਾਈਵੇਅ ਖੱਟਰ ਦੀ ਨਿੱਜੀ ਜਾਇਦਾਦ ਨਹੀਂ: ਢਿੱਲੋਂ
ਮਾਛੀਵਾੜਾ (ਪੱਤਰ ਪ੍ਰੇਰਕ): ਵਿਧਾਨ ਸਭਾ ’ਚ ਸ਼੍ਰੋਮਣੀ ਅਕਾਲੀ ਦੇ ਵਿਧਾਇਕਾਂ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਜੋ ਸਰਕਾਰ ਨੇ ਪਾਣੀ ਦੀਆਂ ਬੁਛਾੜਾਂ ਅਤੇ ਸੜਕਾਂ ’ਤੇ ਵੱਡੇ-ਵੱਡੇ ਪੱਥਰ ਲਗਾ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ-ਦਿੱਲੀ ਨੈਸ਼ਨਲ ਹਾਈਵੇਅ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਨਿੱਜੀ ਜਾਇਦਾਦ ਨਹੀਂ ਕਿ ਉਸ ’ਤੇ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਇਸ ਅੰਦੋਲਨ ’ਚ ਚੱਟਾਨ ਵਾਂਗ ਖੜ੍ਹਾ ਹੈ।