ਕੱਚੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰੇ

ਪੰਜਾਬ ਸਰਕਾਰ ਦੇ ਪੁਤਲੇ ਸਾੜੇ; ਨੌਕਰੀਆਂ ਸੁਰੱਖਿਅਤ ਕਰਨ ਦੀ ਮੰਗ

ਕੱਚੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰੇ

ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਅੱਗੇ ਸਰਕਾਰ ਦਾ ਪੁਤਲਾ ਫੂਕਦੇ ਹੋਏ ਅਧਿਆਪਕ। -ਫੋਟੋ: ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 6 ਦਸੰਬਰ

ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ, ਪਾਰਟ-ਟਾਈਮ ਅਤੇ ਠੇਕੇ ’ਤੇ ਪਿਛਲੇ 15-20 ਸਾਲ ਤੋਂ ਸੇਵਾਵਾਂ ਦੇ ਰਹੇ ਅਧਿਆਪਕਾਂ ਨੇ ਸੂਬਾ ਪੱਧਰ ’ਤੇ ਲਏ ਫ਼ੈਸਲੇ ਮੁਤਾਬਿਕ ਅੱਜ ਕਾਲਜਾਂ ਦੇ ਮੁੱਖ ਗੇਟਾਂ ਅੱਗੇ ਰੋਸ ਮੁਜ਼ਾਹਰੇ ਕਰ ਕੇ ਸਰਕਾਰ ਦੇ ਪੁਤਲੇ ਸਾੜੇ। ਇਸੇ ਤਹਿਤ ਅਧਿਆਪਕਾਂ ਨੇ ਲੁਧਿਆਣਾ ਵਿੱਚ ਵੀ ਸਰਕਾਰ ਵਿਰੁੱਧ ਭੜਾਸ ਕੱਢੀ। ਗੌਰਮਿੰਟ ਕਾਲਜ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਲੜਕੀਆਂ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਸਰਕਾਰ ਦਾ ਪੁਤਲਾ ਸਾੜਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਫਲਵਿੰਦਰ ਵਰਮਾ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸੂਬੇ ਭਰ ਦੇ ਕਾਲਜ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿਛਲੇ 35 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਹੋਰ ਨੁਮਾਇੰਦੇ ਇਸ ਪਾਸਿਓਂ ਘੇਸਲ ਵੱਟੀ ਬੈਠੇ ਹਨ। ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਗੱਲ ਕਰ ਕੇ ਫੋਕੀ ਰਾਜਨੀਤੀ ਕਰ ਰਹੇ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨੇ ਦੇ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਹਿੱਤ ਲਿਖਤੀ ਰੂਪ ਵਿੱਚ ਦੇਣ ਦੀ ਥਾਂ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਬੀਤੇ ਦਿਨ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ’ਤੇ ਰੋਕ ਲਗਾਈ ਹੈ ਪਰ ਸਿੱਖਿਆ ਸਕੱਤਰ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਲੱਗੇ ਹੋਏ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲਿਖਤੀ ਰੂਪ ਵਿੱਚ ਨੌਕਰੀਆਂ ਸੁਰੱਖਿਅਤ ਸਬੰਧੀ ਕੋਈ ਫੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਲਾਲਾ ਲਾਜਪਤ ਰਾਏ ਡੀਏਵੀ ਕਾਲਜ ’ਚ ਨਾਨ-ਟੀਚਿੰਗ ਐਂਪਲਾਈਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਯੂਨੀਅਨ ਦੀਆਂ ਹੱਕੀ ਮੰਗਾਂ ਦੇ ਸਬੰਧ ’ਚ ਇਹ ਧਰਨਾ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਧਰਨੇ ਦੌਰਾਨ 10 ਅਤੇ 15 ਦਸੰਬਰ ਨੂੰ ਮੁੜ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਸਰਬਜੀਤ ਸਿੰਘ, ਰਾਕੇਸ਼ ਕੁਮਾਰ, ਜਗਦੀਪ ਸਿੰਘ, ਪ੍ਰੀਤਮ ਸਿੰਘ, ਦੂਧ ਨਾਥ, ਭੋਲਾ ਦਾਸ, ਰਾਕੇਸ਼ ਪਾਂਡੇ ਨੇ ਧਰਨੇ ਦੌਰਾਨ ਸੋਧੇ ਹੋਏ ਮੈਡੀਕਲ ਭੱਤੇ, ਮਕਾਨ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨ, 1-12-11 ਤੋਂ ਸੋਧੇ ਹੋਏ ਪੇਅ ਸਕੇਲ ਲਾਗੂ ਕਰਨ, ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਕਾਲਜਾਂ ਨੂੰ ਬੰਦ ਕਰਨ ਦੀ ਉਨ੍ਹਾਂ ਤਾੜਨਾ ਦਿੱਤੀ।

ਸਿੱਧੂ ’ਤੇ ਫੋਕੀ ਰਾਜਨੀਤੀ ਕਰਨ ਦੇ ਦੋਸ਼

ਪਾਇਲ (ਦੇਵਿੰਦਰ ਸਿੰਘ ਜੱਗੀ): ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਗੇਟ ਅੱਗੇ ਕੱਚੇ ਪ੍ਰੋਫੈਸਰਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਪ੍ਰੋਫੈਸਰਾਂ, ਵਿਦਿਆਰਥੀਆਂ ਅਤੇ ਬੀਕੇਯੂ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰੋ. ਜਸਵੀਰ ਕੌਰ ਘੁਡਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ਪੂਰੇ ਸੂਬੇ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਹਨ, ਪਰ ਸਰਕਾਰ ਦੇ ਕੰਨ ’ਤੇ ਅਜੇ ਵੀ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਲਿਖਤੀ ਦੇਣ ਦੀ ਥਾਂ ਹਰ ਵਾਰ ਲੌਲੀਪਾਪ ਦੇ ਕੇ ਸਿਰਫ਼ ਸਮਾਂ ਲੰਘਾ ਰਹੀ ਹੈ। ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਗੱਲ ਕਰ ਕੇ ਫੋਕੀ ਰਾਜਨੀਤੀ ਕਰ ਰਹੇ ਹਨ, ਜਦੋਂ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ 35 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਪ੍ਰੋਫੈਸਰਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਿਖਤੀ ਰੂਪ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਸੁਰੱਖਿਅਤ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All