ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਸਤੰਬਰ
ਸਨਅਤੀ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਾਲੰਟੀਅਰ ਅਤੇ ਕਾਰਕੁਨ ਅੱਜ ਸਵੇਰੇ ਬੁੱਢਾ ਦਰਿਆ ’ਤੇ ਉਪਕਾਰ ਨਗਰ ਪੁਲ ਨੇੜੇ ਇਕੱਠੇ ਹੋਏ ਅਤੇ ਉਨ੍ਹਾਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ ਤੇ ਪ੍ਰਦੂਸ਼ਣ ਕੰਟੋਰਲ ਬੋਰਡ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਹ ਇਕੱਠ ਬੀਡੀਐੱਫ ਭਾਗ- 3 ਦੇ ਪੜਾਅ-8 ਤਹਿਤ ਕੀਤਾ ਗਿਆ। ਇਸ ਦੌਰਾਨ ਵਾਲੰਟੀਅਰਾਂ ਨੇ ਦੇਖਿਆ ਕਿ ਫੈਕਟਰੀਆਂ ਅਤੇ ਰਿਹਾਇਸ਼ੀ ਖੇਤਰਾਂ ’ਚੋਂ ਨਿਕਲਣ ਵਾਲਾ ਪ੍ਰਦੂਸ਼ਿਤ ਪਾਣੀ ਸਿੱਧਾ ਬੁੱਢਾ ਦਰਿਆ ਵਿੱਚ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਬੁੱਢਾ ਦਰਿਆ ਦੇ ਕੰਢਿਆਂ ’ਤੇ ਘਰੇਲੂ ਕੂੜੇ ਅਤੇ ਪਲਾਸਟਿਕ ਸੁੱਟਣ ਕਾਰਨ ਇਲਾਕੇ ਵਿੱਚ ਚਾਰੇ ਪਾਸੇ ਬਦਬੂ ਫੈਲੀ ਹੋਈ ਸੀ ਅਤੇ ਪਾਣੀ ਵੀ ਸੰਘਣਾ ਕਾਲਾ ਦਿਖਾਈ ਦਿੱਤਾ। ਜਾਣਕਾਰੀ ਅਨੁਸਾਰ ਵਾਲੰਟੀਅਰਾਂ ਨੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਵਾਲੀ ਥਾਂ ਦਾ ਦੌਰਾਨ ਕਰਨ ਮਗਰੋਂ ਆਪਣੇ ਗਲਾਂ ਵਿੱਚ ਤਖ਼ਤੀਆਂ ਲਟਕਾਈਆਂ ਅਤੇ ਰਾਹਗੀਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪਰਚੇ ਵੰਡ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਦਿਆਂ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਟੀਮ ਦੀ ਅਗਵਾਈ ਅਨੀਤਾ ਸ਼ਰਮਾ ਵੱਲੋਂ ਕੀਤੀ ਗਈ, ਜਿਸ ’ਚ ਡਾ. ਵੀਪੀ ਮਿਸ਼ਰਾ, ਪ੍ਰੀਅਲ ਪ੍ਰਾਂਜਲ, ਐਡਵੋਕੇਟ ਸ਼ਿਸ਼ੂਪਾਲ ਸ਼ਰਮਾ, ਐਡਵੋਕੇਟ ਯੋਗੇਸ਼ ਖੰਨਾ, ਮਹਿੰਦਰ ਸਿੰਘ ਸੇਖੋਂ, ਅਹਿਮ ਸਿੰਘ ਸੇਖੋਂ, ਕਰਨਲ ਜੇ.ਐੱਸ.ਗਿੱਲ, ਦਾਨ ਸਿੰਘ ਉਸਾਨ, ਹਰਦੇਵ ਸਿੰਘ ਦੌਧਰ, ਸੁਖਵਿੰਦਰ ਸਿੰਘ ਗੋਲਡੀ, ਜਪਲੀਨ ਕੌਰ, ਮਨਜਿੰਦਰ ਸਿੰਘ ਤੋਂ ਇਲਾਵਾ ਗੁਰਬਚਨ ਸਿੰਘ ਬੱਤਰਾ, ਕਰਨਲ ਸੀ.ਐੱਮ ਲਖਨਪਾਲ ਆਦਿ ਹਾਜ਼ਰ ਸਨ।
ਵਾਲੰਟੀਅਰਾਂ ਦਾ ਕਹਿਣਾ ਸੀ ਕਿ ਇਸ ਯਾਤਰਾ ਦੌਰਾਨ ਇਹ ਵੀ ਦੇਖਣ ਵਿੱਚ ਆਇਆ ਕਿ ਬੁੱਢਾ ਦਰਿਆ ਦੇ ਦੋਵੇਂ ਪਾਸੇ ਬਣਾਏ ਗਏ ਸਟੀਲ ਜਾਲ ਨਾਲ ਸਬੰਧਿਤ ਪ੍ਰਾਜੈਕਟ ਖਸਤਾ ਹਾਲਤ ਵਿੱਚ ਹਨ। ਦਰਿਆ ਦੇ ਰੱਖ-ਰਖਾਅ ਲਈ ਗੇਟ ਬਣਾਉਣ ਲਈ ਢੁੱਕਵੀਆਂ ਸੋਧਾਂ ਦੇ ਨਾਲ ਇਸ ਸਥਾਨ ਨੂੰ ਬਚਾਉਣ ਲਈ ਕਾਰਪੋਰੇਸ਼ਨ ਦੇ ਧਿਆਨ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ।
ਅਨੀਤਾ ਸ਼ਰਮਾ ਨੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲਿਆਂ ਅਤੇ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਬਿਨਾਂ ਅਪਗ੍ਰੇਡੇਸ਼ਨ ਅਤੇ ਦਰਿਆ ਦਾ ਪੁਨਰ-ਨਿਰਮਾਣ ਪ੍ਰਾਜੈਕਟ ਸਫ਼ਲ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਬੀ.ਡੀ.ਪੀ. ਭਾਗ- 3 ਦਾ ਨੌਵਾਂ ਪੜਾਅ 17 ਸਤੰਬਰ ਨੂੰ ਛੋਟੀ ਹੈਬੋਵਾਲ ਪੁਲ ’ਤੇ ਕੀਤਾ ਜਾਵੇਗਾ।