ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਜੂਨ
ਮੁੱਖ ਅੰਸ਼
- ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ; ਮੰਗਾਂ ਨਾ ਮੰਨਣ ਤੱਕ ਟੈਕਸੀ ਚਾਲਕਾਂ ਵੱਲੋਂ ਧਰਨਾ ਦੇਣ ਦਾ ਐਲਾਨ
ਨਵਾਂ ਬਿਜਲੀ ਕਾਨੂੰਨ ਰੱਦ ਕਰਾਉਣ ਅਤੇ ਜਨਤਕ ਖੇਤਰ ਦੀ ਰਾਖੀ ਲਈ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਅੱਡਾ ਦਾਖਾ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਸਾਹਮਣੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਰੋਸ ਰੈਲੀ ਕੀਤੀ ਗਈ। ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੁੱਚੇ ਬਿਜਲੀ ਪ੍ਰਬੰਧ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਅਤੇ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਉਣ ਦੀ ਨਿੰਦਾ ਕਰਦਿਆਂ ਬਿਜਲੀ ਐਕਟ ਫ਼ੌਰੀ ਰੱਦ ਕਰਨ ਦੀ ਮੰਗ ਕੀਤੀ। ਟੀਐੱਸਯੂ ਦੇ ਸੂਬਾਈ ਆਗੂ ਇਕਬਾਲ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਸੁਧਾਰਾਂ ਦੇ ਨਾਂ ਹੇਠ ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਮਜ਼ਦੂਰਾਂ ਨੂੰ ਗੁਲਾਮਦਾਰੀ ਵਿਚ ਧੱਕ ਰਹੀਆਂ ਹਨ। ਬੁਲਾਰਿਆਂ ਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੰਵਲਜੀਤ ਖੰਨਾ, ਜਗਤਾਰ ਸਿੰਘ ਸ਼ੇਖ਼ੂਪੁਰਾ, ਪਾਲ ਸਿੰਘ ਗਹੌਰ ਅਤੇ ਸਰਬਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਬੰਧੀ ਐਕਸੀਅਨ ਦਾਖਾ ਅਤੇ ਤਹਿਸੀਲਦਾਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ।
ਟੈਕਸੀ ਮਾਲਕਾਂ ਦਾ ਧਰਨਾ 10 ਨੂੰ
ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਭਰ ਦੇ ਹਜ਼ਾਰਾਂ ਟੈਕਸੀ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ 10 ਜੂਨ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਅੱਜ ਇੱਥੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਚੇਅਰਮੈਨ ਤੀਰਥਪਾਲ ਸਿੰਘ ਸੰਧੂ, ਪ੍ਰਧਾਨ ਹਰਨਰਾਇਣ ਸਿੰਘ ਮਾਨ, ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਅਤੇ ਪ੍ਰੰਬਧਕੀ ਸਕੱਤਰ ਸ਼ਰਨਜੀਤ ਸਿੰਘ ਕਲਸੀ ਨੇ ਮੀਟਿੰਗ ਉਪਰੰਤ ਦੱਸਿਆ ਕਿ ਉਹ ਆਪਣੀਆਂ ਮੰਗਾਂ ਸੰਬਧੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਮੰਗਾਂ ਤੇ ਗੌਰ ਨਾ ਕੀਤੇ ਜਾਣ ਦੇ ਰੋਸ ਵਜੋਂ ਉਨ੍ਹਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਟੈਕਸੀ ਚਾਲਕਾਂ ਵੱਲੋਂ ਸ਼ੁਰੂ ਕੀਤਾ ਜਾਣ ਵਾਲਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋ ਤੱਕ ਸਰਕਾਰ ਮੰਗਾਂ ਮੰਨਣ ਦਾ ਐਲਾਨ ਨਹੀ ਕਰ ਦਿੰਦੀ।
ਮਜ਼ਦੂਰਾਂ ਵੱਲੋਂ ਸਰਕਾਰ ਖ਼ਿਲਾਫ਼ ਮਾਰਚ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਲੌਕਡਾਊਨ ਦੇ ਸਤਾਏ ਮਜ਼ਦੂਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰੋਸ ਰੈਲੀ ਕਰਨ ਉਪਰੰਤ ਸਰਕਾਰ ਵਿਰੋਧੀ ਨਾਅਰੇ ਲਗਾਉਂਦਿਆਂ ਬੱਸ ਟਰਮੀਨਲ ਤੋਂ ਲੈ ਕੇ ਉਪ-ਮੰਡਲ ਦਫਤਰ ਤੱਕ ਰੋਸ ਮਾਰਚ ਕੱਢਿਆ। ਆਪਣੀਆਂ ਮੰਗਾਂ ਦਰਸਾਉਂਦੇ ਹੱਥਾਂ ਵਿੱਚ ਬੈਨਰ ਫੜ ਕੇ ਮਜ਼ਦੂਰਾਂ ਨੇ ਸਰਕਾਰ ਤੋਂ ਕਰਫਿਊ ਦੇ ਝੰਬੇ ਅਤੇ ਕੰਮਾਂ ਕਾਰਾਂ ਤੋਂ ਅਵਾਜ਼ਾਰ ਲੋਕਾਂ ਲਈ ਰੁਜ਼ਗਾਰ ਅਤੇ ਵਿਸ਼ੇਸ਼ ਸਹਾਇਤਾ ਰਾਸ਼ੀ ਦੀ ਮੰਗ ਦੁਹਰਾਈ ।ਲੋਕ ਆਗੂਆਂ ਨੇ ਸਰਕਾਰ ਦੀਆਂ ਕਿਸਾਨ, ਮਜ਼ਦੂਰ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਲੋੜਬੰਦਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਸਮਝਣ ਅਤੇ ਪੂਰਾ ਕਰਨ ’ਤੇ ਜੋਰ ਦਿੱਤਾ । ਅਵਤਾਰ ਰਸੂਲਪੁਰ, ਸੁਖਦੇਵ ਮਾਣੂੰਕੇ, ਨਿਰਮਲ ਨਿੰਮਾ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਪਲਾਟ, ਮਕਾਨ ਅਤੇ ਹਰ ਲੋੜਵੰਦ ਦੇ ਖਾਤੇ ਵਿੱਚ ਘੱਟੋ ਘੱਟ 15 ਹਜ਼ਾਰ ਰੁਪਏ ਪਾਵੇ ਅਤੇ ਮਜ਼ਦੂਰਾਂ,ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ।