ਝੜਪ ਵਿੱਚ ਮਾਰੇ ਗਏ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਦੇ ਪਰਿਵਾਰ ਅਤੇ ਹੋਰ ਜਥੇਬੰਦੀਆਂ ਨੇ ਅੱਜ ਮਾਛੀਵਾੜਾ ਸਾਹਿਬ ਪੁਲੀਸ ਥਾਣੇ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ 15 ਮਈ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਮੁਲਤਵੀ ਕਰ ਦਿੱਤਾ। ਧਰਨੇ ਦੇ ਮੱਦੇਨਜ਼ਰ ਐੱਸ ਪੀ ਹਰਪਿੰਦਰ ਕੌਰ, ਤਰਲੋਚਨ ਸਿੰਘ, ਪ੍ਰਿਤਪਾਲ ਸਿੰਘ, ਕਰਮਜੀਤ ਸਿੰਘ ਗਰੇਵਾਲ (ਸਾਰੇ ਡੀ ਐੱਸ ਪੀ) ਅਤੇ ਹੋਰ ਪੁਲੀਸ ਅਧਿਕਾਰੀ ਸਵੇਰੇ ਹੀ ਭਾਰੀ ਫੋਰਸ ਬਲ ਨਾਲ ਥਾਣੇ ਪੁੱਜ ਗਏ ਸਨ। ਐੱਸ ਪੀ ਹਰਪਿੰਦਰ ਕੌਰ ਨੇ ਮ੍ਰਿਤਕ ਦੇ ਪਰਿਵਾਰ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿੱਤਾ ਕਿ ਪੁਲੀਸ ਨੇ 24 ਘੰਟਿਆਂ ਅੰਦਰ ਚਾਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਅਤੇ ਦੋ ਹੋਰਾਂ ਦੀ ਗ੍ਰਿਫ਼ਤਾਰੀ ਇੱਕ-ਦੋ ਦਿਨ ਵਿਚ ਕਰ ਲਈ ਜਾਵੇਗੀ। ਐੱਸ ਪੀ ਨੇ ਭਰੋਸਾ ਦਿੱਤਾ ਕਿ 15 ਮਈ ਤੋਂ ਪਹਿਲਾਂ ਸਾਰੇ ਮੁਲਜ਼ਮ ਜੇਲ੍ਹਾਂ ਵਿੱਚ ਹੋਣਗੇ। ਜਥੇਬੰਦੀਆਂ ਨੇ ਕਿਹਾ ਕਿ ਗਗਨਦੀਪ ਸਿੰਘ ਨਸ਼ਾ ਵੇਚਣ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਕਰਦਾ ਸੀ। ਉਨ੍ਹਾਂ ਮੰਗ ਕੀਤੀ ਕਿ ਮਾਛੀਵਾੜਾ ਇਲਾਕੇ ਵਿਚ ਜਿੱਥੇ ਵੀ ਨਸ਼ਾ ਵਿਕਦਾ ਹੈ, ਉਸ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦਿਵਾਈ ਜਾਵੇ। ਐੱਸ ਪੀ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੁਲੀਸ ਵਲੋਂ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਪਰਿਵਾਰ ਦੀ ਜੋ ਵੀ ਆਰਥਿਕ ਸਹਾਇਤਾ ਹੋਵੇਗੀ ਉਸ ਸਬੰਧੀ ਪ੍ਰਕਿਰਿਆ ਅਮਲ ਵਿਚ ਲਿਆਉਣ ਦੇ ਯਤਨ ਕੀਤੇ ਜਾਣਗੇ।
ਐੱਸ ਪੀ ਨੇ ਜਥੇਬੰਦੀਆਂ ਨੂੰ ਇਹ ਵੀ ਦੱਸਿਆ ਕਿ ਪੁਲੀਸ ਵੱਲੋਂ ਤਿੰਨ ਮਹੀਨਿਆਂ ਅੰਦਰ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਗਗਨਦੀਪ ਦਾ ਸਸਕਾਰ
ਪੀੜਤ ਪਰਿਵਾਰ ਵੱਲੋਂ ਅੱਜ ਮ੍ਰਿਤਕ ਗਗਨਦੀਪ ਸਿੰਘ ਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ ਪੁਲੀਸ ਨੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਗਗਨਦੀਪ ਸਿੰਘ ਦਾ ਅੱਜ ਪਿੰਡ ਹੇਡੋਂ ਬੇਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

