ਪੰਜਾਬ ਬੰਦ ਤਹਿਤ ਦੋਰਾਹਾ ਦਾ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ। ਇੱਥੇ ਰੇਹੜੀ-ਫੜ੍ਹੀ, ਹਲਵਾਈ ਅਤੇ ਹੋਰ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖੇ। ਇਸ ਮੌਕੇ ਨਗਰ ਕੌਂਸਲ ਕਰਮਚਾਰੀਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਫ਼ਾਈ ਸੇਵਕ ਯੂਨੀਅਨ ਦੋਰਾਹਾ ਦੇ ਪ੍ਰਧਾਨ ਰੋਕੀ ਸਹੋਤਾ, ਰਾਹੁਲ ਬਡਲਾਨ ਅਤੇ ਰਜੇਸ਼ ਲਾਲੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਧਰਨਾ ਲਾਇਆ। ਇਸ ਮੌਕੇ ਵਿਜੈ ਕੁਮਾਰੀ, ਕੋਮਲ ਰਾਣੀ, ਸੰਜੀਵ ਕੁਮਾਰ ਅਤੇ ਸੋਨੀ ਕੁਮਾਰ ਹਾਜ਼ਰ ਸਨ।
ਇਸੇ ਤਰ੍ਹਾਂ ਖੰਨਾ ਦੇ ਲਲਹੇੜੀ ਚੌਕ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਨੇ ਧਰਨਾ ਲਾਉਂਦਿਆਂ ਬਰਨਾਲਾ ਦੇ ਡੀ ਐੱਸ ਪੀ ਅਤੇ ਐੱਸ ਐੱਚ ਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਸਫ਼ਾਈ ਕਾਮਿਆਂ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਦੌਰਾਨ ਧਰਨੇ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਕਾਂਗਰਸੀ ਵੱਲੋਂ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਭਾਜਪਾ ਆਗੂ ਇਕਬਾਲ ਸਿੰਘ ਚੰਨੀ ਅਤੇ ਅਨਿਲ ਦੱਤ ਫੱਲੀ, ਜਥੇਦਾਰ ਸਰਬਜੀਤ ਸਿੰਘ ਖਾਲਸਾ, ਕਰਨੈਲ ਸਿੰਘ ਇਕੋਲਾਹਾ ਅਤੇ ਗੁਰਦੀਪ ਸਿੰਘ ਕਾਲੀ ਪਾਇਲ ਨੇ ਕਿਹਾ ਕਿ ਸਰਕਾਰ ਦਾ ਵਹਿਮ ਹੈ ਕਿ ਉਹ ਲੋਕਾਂ ਨੂੰ ਜ਼ਬਰ ਨਾਲ ਦਬਾਅ ਕੇ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਵਿਚ ਸਫਲ ਹੋ ਜਾਵੇਗੀ। ਇਸ ਮੌਕੇ ਦਰਸ਼ਨ ਲਾਲ, ਕੁਲਵੰਤ ਸਿੰਘ, ਕਸ਼ਮੀਰਾ ਸਿੰਘ, ਵਿਕਾਸ ਕੁਮਾਰ ਨੇ ਸੰਬੋਧਨ ਕੀਤਾ।
ਖੰਨਾ ਵਿੱਚ ਪੰਜਾਬ ਬੰਦ ਸੱਦੇ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਸ਼ਹਿਰ ਵਿੱਚ ਹਲਵਾਈ ਦੀਆਂ ਦੁਕਾਨਾਂ ਤੋਂ ਇਲਾਵਾ ਫਲ ਸਬਜ਼ੀਆਂ ਦੀਆਂ ਰੇਹੜੀਆਂ ਆਮ ਵਾਂਗ ਖੁੱਲ੍ਹੀਆਂ ਰਹੀਆਂ।
ਸਾਬਕਾ ਵਿਧਾਇਕ ਲੱਖਾ ਪਾਇਲ ਵੱਲੋਂ ਪ੍ਰਦਰਸ਼ਨ ਨੂੰ ਹਮਾਇਤ
ਮਲੌਦ (ਦੇਵਿੰਦਰ ਸਿੰਘ ਜੱਗੀ): ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਬਲਾਕ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਮਲੌਦ ਵਿੱਚ ਸਫ਼ਾਈ ਸੇਵਕਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਫਾਈ ਸੇਵਕਾਂ ਦੀ ਪੂਰਨ ਹਮਾਇਤ ਕਰਦੀ ਹੈ, ਅੱਗਿਓਂ ਜੋ ਵੀ ਸੰਘਰਸ਼ ਸਫਾਈ ਸੇਵਕਾਂ ਵਲੋ ਅਰੰਭਿਆ ਜਾਵੇਗਾ, ਉਸ ਦੀ ਡਟ ਕੇ ਹਮਾਇਤ ਕਰੇਗੀ। ਇਸ ਮੌਕੇ ਸੁਰਿੰਦਰ ਕੁਮਾਰ ਢੀਂਗਰਾ, ਨਿਰਭੈ ਸਿੰਘ ਬੇਰਕਲਾਂ, ਜਸਪਾਲ ਸਿੰਘ ਪਾਲਾ ਚੋਮੋ, ਤਰਲੋਕ ਸਿੰਘ, ਡਾ ਭਗਤ ਸਿੰਘ ਮਿੰਟੂ, ਸੋਨੀ ਕੂਹਲੀ ਖੁਰਦ ਤੋਂ ਇਲਾਵਾ ਸਫਾਈ ਸੇਵਕ ਹਾਜ਼ਰ ਸਨ।

