ਭਾਰਤੀ ਜੀਵਨ ਬੀਮਾ ਨਿਗਮ ਦੇ ਮੁਲਾਜ਼ਮਾਂ ਦੀ ਮੁੱਖ ਜੱਥੇਬੰਦੀ ਆਲ ਇੰਡੀਆ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰ ਕੇ ਸਰਕਾਰ ਦੇ ਉਸ ਫ਼ੈਸਲੇ ਦੀ ਨਿੰਦਾ ਕੀਤੀ ਹੈ ਜਿਸ ਰਾਹੀਂ ਸਰਕਾਰ ਨੇ ਐੱਲ ਆਈ ਸੀ ਵਿੱਚ ਆਪਣੀ ਹਿੱਸੇਦਾਰੀ ਨੂੰ ਹੋਰ ਘਟਾਉਣ ਦਾ ਫ਼ੈਸਲਾ ਲਿਆ ਹੈ। ਅੱਜ ਦੁੱਗਰੀ ਸਥਿਤ ਮੁੱਖ ਦਫ਼ਤਰ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਕੁੱਲ ਸੰਭਾਵੀ ਵਿਨਿਵੇਸ਼ 6.5 ਫ਼ੀਸਦੀ ਹੋ ਜਾਵੇਗਾ। ਮਹਿਲਾ ਸਬ-ਕਮੇਟੀ ਦੀ ਕਨਵੀਨਰ ਰਿਤੂ ਅਬਾਨ ਨੇ ਸਰਕਾਰ ‘ਤੇ ਦੋਸ਼ ਲਗਾਇਆ ਕਿ ਸਰਕਾਰ 3.5 ਫ਼ੀਸਦੀ ਹਿੱਸੇਦਾਰੀ ਘਟਾਉਣ ਤੋਂ ਬਾਅਦ ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਤੋਂ ਲਗਾਤਾਰ ਪਿੱਛੇ ਹਟ ਰਹੀ ਹੈ। ਡਿਵੀਜ਼ਨਲ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਐੱਲ ਆਈ ਸੀ ਭਾਰਤ ਦੇ ਲੋਕਾਂ ਦੀ ਸੰਸਥਾ ਹੈ, ਸਟਾਕ ਮਾਰਕੀਟ ਦੀ ਨਹੀਂ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਿਕਰੀ ਲਈ ਪ੍ਰਸਤਾਵਿਤ ਪੇਸ਼ਕਸ਼ ਨੂੰ ਤੁਰੰਤ ਵਾਪਸ ਲਵੇ ਅਤੇ ਜਨਤਕ ਸੰਪਤੀਆਂ ਦੇ ਪੜਾਅਵਾਰ ਨਿੱਜੀਕਰਨ ਦੀ ਨੀਤੀ ਨੂੰ ਤਿਆਗ ਦੇਵੇ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜੀਵਨ ਬੀਮਾ ਨਿਗਮ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਜੱਥੇਬੰਦੀ ਆਲ ਇੰਡੀਆ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ ਨੇ ਭਾਰਤ ਸਰਕਾਰ ਵੱਲੋਂ ਐੱਲ ਆਈ ਸੀ ਵਿਚ ਆਪਣੀ ਹਿੱਸੇ ਘਟਾਉਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਅਤੇ ਕਪਿਲ ਰਾਜ ਨੇ ਮੰਗ ਕੀਤੀ ਕਿ ਸਰਕਾਰ ਵਿਕਰੀ ਲਈ ਪ੍ਰਸਤਾਵਿਤ ਪੇਸਕਸ਼ ਨੂੰ ਤੁਰੰਤ ਵਾਪਸ ਲਵੇ ਅਤੇ ਜਨਤਕ ਸੰਪਤੀਆਂ ਦੇ ਪੜਾਅਵਾਰ ਨਿੱਜੀਕਰਨ ਦੀ ਨੀਤੀ ਨੂੰ ਤਿਆਗ ਦੇਵੇ।

