Halwara Youth Body Found: ਨੌਜਵਾਨ ਦੀ ਲਾਸ਼ ਮਿਲਣ ਮਗਰੋਂ ਥਾਣੇ ਅੱਗੇ ਪ੍ਰਦਰਸ਼ਨ
ਪਰਿਵਾਰ ਨੇ ਕਤਲ ਦਾ ਦੋਸ਼ ਲਾਇਆ; ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਵਿੱਢੀ
ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ ਵਿੱਚ ਅੱਜ ਸਵੇਰੇ ਨੌਜਵਾਨ ਕਰਨਜੋਤ ਸਿੰਘ (26) ਦੀ ਲਾਸ਼ ਪਿੰਡ ਤੋਂ ਲਗਪਗ ਤਿੰਨ ਕਿਲੋਮੀਟਰ ਦੂਰ ਪੱਕੇ ਫੜ ਵਾਲੀ ਅਨਾਜ ਮੰਡੀ ਵਿੱਚੋਂ ਸ਼ੱਕੀ ਹਾਲਤਾਂ ਵਿੱਚ ਮਿਲੀ ਹੈ। ਮ੍ਰਿਤਕ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰ ਅਤੇ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਕਤਲ ਦਾ ਦੋਸ਼ ਲਾਉਂਦਿਆਂ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਿਤਾ ਅਨੁਸਾਰ ਕਰਨਜੋਤ ਸੋਮਵਾਰ ਰਾਤ ਤੋਂ ਲਾਪਤਾ ਸੀ। ਡੀ ਐੱਸ ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਜੀਤਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 105 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਮਿਲਣ ਬਾਅਦ ਲੋੜ ਅਨੁਸਾਰ ਜੁਰਮ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਅਨੁਸਾਰ ਸਵੇਰੇ ਲਗਪਗ ਸਾਢੇ ਸੱਤ ਵਜੇ ਕੁਝ ਲੋਕਾਂ ਨੇ ਅਨਾਜ ਮੰਡੀ ਵਿੱਚ ਕਰਨਜੋਤ ਸਿੰਘ ਦੀ ਲਾਸ਼ ਦੇਖੀ ਸੀ। ਉਨ੍ਹਾਂ ਖ਼ੁਦ ਥਾਣਾ ਸੁਧਾਰ ਦੇ ਮੁਖੀ ਸਾਹਿਬਮੀਤ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਥਾਣੇਦਾਰ ਜੌਨ ਮਸੀਹ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤੀ ਹੈ। ਮ੍ਰਿਤਕ ਦੇ ਕੱਪੜੇ ਅਨਾਜ ਮੰਡੀ ਵਿੱਚ ਵੱਖ-ਵੱਖ ਥਾਵਾਂ ਤੋਂ ਮਿਲੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕਰਨਜੋਤ ਸਿੰਘ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਅਨਾਜ ਮੰਡੀ ਵਿੱਚ ਸੁੱਟੀ ਗਈ ਹੈ। ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਥਾਣੇ ਅੱਗੇ ਰੋਸ ਪ੍ਰਗਟ ਕਰਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰ ਦੀ ਮੰਗ ਕੀਤੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਰੋਸ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਨਸ਼ਾ ਕਰਦਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ; ਉਹ ਲੁਧਿਆਣਾ ਦੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆਕਿ ਸੋਮਵਾਰ ਰਾਤ ਨੂੰ ਲਗਪਗ ਅੱਠ ਵਜੇ ਘਰੋਂ ਬਾਹਰ ਗਿਆ ਸੀ ਪਰ ਘਰ ਨਹੀਂ ਪਰਤਿਆ। ਪਰਿਵਾਰ ਸਾਰੀ ਰਾਤ ਉਸ ਦੀ ਭਾਲ ਕਰਦਾ ਰਿਹਾ ਅਤੇ ਸਵੇਰੇ ਉਸ ਦੀ ਲਾਸ਼ ਅਨਾਜ ਮੰਡੀ ਵਿੱਚੋਂ ਮਿਲੀਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿੰਡ ਵਾਸੀਆਂ ਅਨੁਸਾਰ ਦੋ ਸਾਲਾਂ ਦੌਰਾਨ ਪਿੰਡ ਦੇ ਦਸ ਤੋਂ ਵੱਧ ਨੌਜਵਾਨਾਂ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਚੁੱਕੀ ਹੈ।
