ਕੂੜਾ ਚੁਕਾਉਣ ਲਈ ਧਰਨਾ ਪੰਦਰਵੇਂ ਦਿਨ ਵੀ ਜਾਰੀ
ਏ ਡੀ ਸੀ ਨੇ 17 ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ
Advertisement
ਸਥਾਨਕ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਪਹਾੜ-ਨੁਮਾ ਢੇਰ ਚੁਕਾਉਣ ਲਈ ਲੋਕਾਂ ਵਲੋਂ ਲਾਇਆ ਧਰਨਾ ਅੱਜ ਪੰਦਰਵੇਂ ਦਿਨ ਵੀ ਜਾਰੀ ਰਿਹਾ। ਇਨ੍ਹਾਂ ਪੰਦਰਾਂ ਦਿਨਾਂ ਦੌਰਾਨ ਕੂੜੇ ਦੇ ਢੇਰ ਨਹੀਂ ਹਟਾਏ ਗਏ। ਅਗਵਾੜ ਖੁਆਜਾ ਬਾਜੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਚੱਲਦੇ ਧਰਨੇ ਵਿੱਚ ਅੱਜ ਹੋਰ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਸਰਪੰਚ ਬਲਜਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਧਰਨੇ ਦੇ ਸ਼ੁਰੂਆਤੀ ਤਿੰਨ ਦਿਨ ਤਾਂ ਦੋ ਤਿੰਨ ਕੌਂਸਲਰ ਤੇ ਗਊਸ਼ਾਲਾ ਪ੍ਰਬੰਧਕ ਵੀ ਧਰਨੇ ’ਚ ਸ਼ਾਮਲ ਹੁੰਦੇ ਰਹੇ ਪਰ ਬਿਨਾਂ ਸਮੱਸਿਆ ਦੇ ਹੱਲ ਦੇ ਕਈ ਲੋਕ ਧਰਨੇ ਤੋਂ ਦੂਰ ਹੋ ਗਏ। ਧਰਨੇ ਦੇ ਦਬਾਅ ਕਾਰਨ ਪਿਛਲੇ ਦਿਨਾਂ ਵਿੱਚ ਕੂੜਾ ਨਿੱਜੀ ਠੇਕੇਦਾਰ ਵਲੋਂ ਕਾਫੀ ਹੱਦ ਤੱਕ ਚੁੱਕ ਲਿਆ ਗਿਆ ਸੀ ਪਰ ਹਰ ਰੋਜ਼ ਦੇ ਡਿੱਗ ਰਹੇ ਕੂੜੇ ਕਾਰਨ ਇਸ ਸਮੱਸਿਆ ਨੇ ਫਿਰ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਤਿਅੰਤ ਸ਼ਰਮਨਾਕ ਤੇ ਅਫਸੋਸਨਾਕ ਹਾਲਤ ਹੈ ਕਿ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸਿਆਸੀ ਖਿੱਚੋਤਾਣ ਕਰਕੇ ਮੁੜ ਅਹੁਦੇ ਤੋਂ ਹਟਵਾ ਦਿੱਤਾ ਹੈ। ਪਿਛਲੇ ਪੰਦਰਾਂ ਦਿਨਾਂ ਵਿੱਚ ਨਗਰ ਕੌਂਸਲ ਵਿੱਚ ਉਪਰੋਂ-ਥਲੀਂ ਤਿੰਨ ਕਾਰਜਸਾਧਕ ਅਫ਼ਸਰ ਬਦਲ ਦਿੱਤੇ ਗਏ ਹਨ। ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਇਸ ਹਾਲਤ ਵਿੱਚ ਸ਼ਹਿਰ ਨਰਕ ਬਣ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਖੁਦ ਨਗਰ ਕੌਂਸਲ ਦਫ਼ਤਰ ਵਿੱਚ ਅੱਧੇ ਸ਼ਹਿਰ ਦਾ ਕੂੜਾ ਇਕੱਠਾ ਹੋਇਆ ਪ੍ਰਸ਼ਾਸਨ ਦਾ ਮੂੰਹ ਚਿੜਾ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐੱਸ ਡੀ ਐੱਮ ਜਗਰਾਉਂ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਦੇ ਪੱਕੇ ਹੱਲ ਕਰਨ ਲਈ ਤੁਰੰਤ ਯੋਗ ਕਦਮ ਉਠਾਏ ਜਾਣ। ਇਸ ਸਬੰਧੀ ਏ ਡੀ ਸੀ ਰੁਪਿੰਦਰਪਾਲ ਸਿੰਘ ਨਾਲ ਫੋਨ ’ਤੇ ਹੋਈ ਗੱਲਬਾਤ ਵਿੱਚ ਉਨ੍ਹਾਂ ਨੇ 17 ਨਵੰਬਰ ਨੂੰ ਇਸ ਮਸਲੇ ਦਾ ਸਥਾਈ ਹੱਲ ਭਾਲਣ ਲਈ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਆ ਰੋਡ ’ਤੇ ਲੱਗੇ ਕੂੜੇ ਦੇ ਢੇਰ ਦਾ ਮਸਲਾ ਵੀ ਲਗਾਤਾਰ ਲਟਕ ਰਿਹਾ ਹੈ ਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੂੜੇ ਦੀ ਵੱਡੀ ਸਮੱਸਿਆ ਹੱਲ ਮੰਗਦੀ ਹੈ।
Advertisement
Advertisement
