ਸੰਘਰਸ਼ ਕਮੇਟੀ ਵੱਲੋਂ Ludhiana Municipal Corporation ਦਫ਼ਤਰ ਦਾ ਘਿਰਾਓ
ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਯਾਦ ਪੱਤਰ ਦਿੱਤਾ
ਪੰਜਾਬ ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਨਗਰ ਨਿਗਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਏ ਦਫ਼ਤਰ ਵਿੱਚ ਗੇਟ ਰੈਲੀ ਕਰ ਕੇ ਨਿਗਮ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਲਟਕਦੀਆਂ ਹੱਕੀ ਮੰਗਾਂ ਸਬੰਧੀ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੂੰ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਾਂ ਇੱਕ ਯਾਦ ਪੱਤਰ ਸੌਂਪਿਆ।
ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਨੀਤੀਆਂ ਅਪਣਾ ਰਹੀ ਹੈ ਅਤੇ ਵਾਰ-ਵਾਰ ਭਰੋਸਾ ਦੇ ਕੇ ਵੀ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨਿਗਮ ਵਿੱਚੋਂ ਠੇਕੇਦਾਰੀ ਪ੍ਰਥਾ ਅਤੇ ਡੋਰ-ਟੂ-ਡੋਰ ਕੂੜਾ ਚੁੱਕਣ ਦੇ ਕੰਮ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਕੇ ਮੁਲਾਜ਼ਮਾਂ ਦੀ ਸਿੱਧੀ ਭਰਤੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨਿਗਮ ਹਾਊਸ ਵੱਲੋਂ ਪਿਛਲੇ ਸਾਲ 6 ਮਈ ਨੂੰ ਮਤਾ ਪਾਸ ਕਰ ਕੇ ਆਊਟਸੋਰਸਿੰਗ ਵਾਲੇ ਸਫ਼ਾਈ ਕਰਮਚਾਰੀਆਂ, ਮਾਲੀਆਂ, ਬੇਲਦਾਰਾਂ ਤੇ ਡਰਾਈਵਰਾਂ ਨੂੰ ਪੱਕਾ ਕਰਨ ਲਈ ਭੇਜਿਆ ਗਿਆ ਸੀ, ਜਿਸ ’ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ। ਇਸ ਤੋਂ ਇਲਾਵਾ ਸਾਲ 2022 ਵਿੱਚ ਪੱਕੇ ਕੀਤੇ ਮੁਲਾਜ਼ਮਾਂ ਵਿੱਚੋਂ ਲਗਪਗ 800 ਓਵਰਏਜ ਕਰਮਚਾਰੀਆਂ ਨੂੰ ਉਮਰ ਹੱਦ ਵਿੱਚ ਛੋਟ ਮਿਲਣ ਦੇ ਬਾਵਜੂਦ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਕਮੇਟੀ ਨੇ ਸਾਰੇ ਮੁਲਾਜ਼ਮਾਂ ਲਈ ਮੈਡੀਕਲ ਕੈਸ਼ਲੈੱਸ ਕਾਰਡ ਜਾਰੀ ਕਰਨ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨ, ਸੀਨੀਅਰਤਾ ਦੇ ਆਧਾਰ ’ਤੇ ਸਫ਼ਾਈ ਸੁਪਰਵਾਈਜ਼ਰ ਤਾਇਨਾਤ ਕਰਨ ਅਤੇ ਮ੍ਰਿਤਕ ਡੀ ਸੀ ਰੇਟ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਮੰਗ ਕੀਤੀ। ਇਸ ਮੌਕੇ ਸੰਜੀਵ ਗਿੱਲ ਆਦਿ ਹਾਜ਼ਰ ਸਨ।
