Protest: ਲਾਠੀਚਾਰਜ ਦੇ ਵਿਰੋਧ ’ਚ CM Bhagwant Mann ਦਾ ਪੁਤਲਾ ਫੂਕਿਆ
ਸੰਗਰੂਰ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸਫ਼ਾਈ ਸੇਵਕਾਂ ’ਤੇ ਹੋਏ ਪੁਲੀਸ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਝਾਂਸੀ ਰਾਣੀ ਚੌਕ ਵਿੱਚ ਮੁਜ਼ਾਹਰਾ ਕੀਤਾ। ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਕਾਮਿਆਂ ਅਤੇ ਹੋਰ ਜਥੇਬੰਦੀਆਂ ਦੇ...
ਸੰਗਰੂਰ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸਫ਼ਾਈ ਸੇਵਕਾਂ ’ਤੇ ਹੋਏ ਪੁਲੀਸ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਝਾਂਸੀ ਰਾਣੀ ਚੌਕ ਵਿੱਚ ਮੁਜ਼ਾਹਰਾ ਕੀਤਾ। ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਕਾਮਿਆਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਦਰਜ ਕਰਵਾਇਆ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੰਗਰੂਰ ਵਿੱਚ ਵਿਧਾਇਕ ਦੇ ਇਸ਼ਾਰੇ ’ਤੇ ਪੁਲੀਸ ਪ੍ਰਸ਼ਾਸਨ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਜ਼ਿਲ੍ਹਾ ਅਤੇ ਸਥਾਨਕ ਪ੍ਰਧਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਕਾਰ ਵੱਲੋਂ ਲੋਕਤੰਤਰੀ ਹੱਕਾਂ ਦਾ ਕਤਲ ਕੀਤਾ ਗਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਥਾਂ ਦਬਾਅ ਵਾਲੀ ਨੀਤੀ ਅਪਣਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਜ਼ਾਹਰੇ ਮਗਰੋਂ ਤਹਿਸੀਲਦਾਰ ਰੇਸ਼ਮ ਨੂੰ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।
ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਲਾਠੀਚਾਰਜ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਇਕੱਤਰਤਾ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਸਿੰਘ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਸਕੱਤਰ ਅਵਤਾਰ ਸਿੰਘ ਗਗੜਾ, ਹੁਕਮ ਰਾਜ, ਜਗਦੀਸ਼ ਸਿੰਘ ਕਾਉਂਕੇ ਤੇ ਅਰੁਣ ਗਿੱਲ ਨੇ ਸੰਬੋਧਨ ਕੀਤਾ।
ਨਗਰ ਸੁਧਾਰ ਸਭਾ ਵੱਲੋਂ ਵੀ ਸਫ਼ਾਈ ਕਾਮਿਆਂ ਦੀ ਹਮਾਇਤ
ਸਥਾਨਕ ਨਗਰ ਸੁਧਾਰ ਸਭਾ ਦੇ ਇੱਕ ਵਫ਼ਦ ਨੇ ਵੀ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਹੈ। ਸਭਾ ਦੇ ਆਗੂਆਂ ਨੇ ਉਪ ਮੰਡਲ ਮੈਜਿਸਟਰੇਟ (ਐੱਸ ਡੀ ਐੱਮ) ਦਫ਼ਤਰ ਪਹੁੰਚ ਕੇ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ ਅਤੇ ਸੀਵਰੇਜ ਸਿਸਟਮ ਮੁਕੰਮਲ ਬੰਦ ਪਿਆ ਹੈ। ਵਫ਼ਦ ਨੇ ਚਿੰਤਾ ਪ੍ਰਗਟਾਈ ਕਿ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਇਸ ਲਈ ਸਰਕਾਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖ਼ਤਮ ਕਰਵਾਏ।

