
ਕਾਲਜ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। -ਫੋਟੋ: ਹਿਮਾਂਸ਼ੂ
ਸਤਵਿੰਦਰ ਬਸਰਾ
ਲੁਧਿਆਣਾ, 6 ਫਰਵਰੀ
ਸਥਾਨਕ ਘੁਮਾਰ ਮੰਡੀ ਰੋਡ ’ਤੇ ਸਥਿਤ ਇੱਕ ਕਾਲਜ ਵਿੱਚ ਬੀਐੱਡ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਾਲਜ ਅਤੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਾਲਜ ਪ੍ਰਬੰਧਕਾਂ ਨੇ ਕਥਿਤ ਤੌਰ ’ਤੇ 50 ਤੋਂ ਵੱਧ ਵਿਦਿਆਰਥੀਆਂ ਨੂੰ ਧੋਖੇ ਵਿੱਚ ਰੱਖਿਆ ਅਤੇ ਰੋਲ ਨੰਬਰ ਨਹੀਂ ਦਿੱਤੇ।
ਇਨ੍ਹਾਂ ਵਿੱਚ ਪੰਜ ਵਿਦਿਆਰਥੀ ਵਿਸ਼ੇਸ਼ ਲੋੜਾਂ ਵਾਲੇ ਵੀ ਸ਼ਾਮਲ ਹਨ। ਦੂਜੇ ਪਾਸੇ ਕਾਲਜ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਓਪਨ ਦਾਖਲਿਆਂ ਵਾਲੇ ਵਿਦਿਆਰਥੀਆਂ ਦਾ ਅਜੇ ਕੋਈ ਫੈਸਲਾ ਨਹੀਂ ਲਿਆ ਜਿਸ ਕਰਕੇ ਅਜਿਹਾ ਹੋਇਆ ਹੈ।ਇੱਥੋਂ ਦੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਦੇ ਬਾਹਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ 50 ਤੋਂ ਵੱਧ ਵਿਦਿਆਰਥੀ ਬਿਨਾਂ ਦਾਖਲਾ ਪ੍ਰੀਖ਼ਿਆ ਵਾਲੇ ਸਨ ਜਿਸ ਕਰ ਕੇ ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਤੋਂ 5000 ਰੁਪਏ ਦਾਖਲੇ ਦੇ ਲੈ ਕੇ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਸੀ। ਉਹ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਪੜ੍ਹਾਈ ਦੇ ਨਾਲ-ਨਾਲ ਕਾਲਜ ਦੀਆਂ ਹੋਰ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦੇ ਆਏ ਹਨ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚੋਂ ਇਨਾਮ ਵੀ ਜਿੱਤੇ, ਆਈ ਕਾਰਡ ਵੀ ਜਾਰੀ ਕੀਤੇ ਗਏ ਪਰ ਹੁਣ ਜਦੋਂ ਉਨ੍ਹਾਂ ਨੇ ਪ੍ਰੀਖਿਆਵਾਂ ਲਈ ਰੋਲ ਨੰਬਰਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਆਖ ਕਿ ਜਵਾਬ ਦੇ ਦਿੱਤਾ ਗਿਆ ਹੈ ਕਿ ਅਜੇ ਅਜਿਹੇ ਦਾਖ਼ਲ ਵਿਦਿਆਰਥੀਆਂ ਸਬੰਧੀ ਸਰਕਾਰ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਹ ਮਾਮਲਾ ਅਦਾਲਤ ਵਿੱਚ ਹੈ। ਇੱਕ ਬੱਚੇ ਦੇ ਪਿਤਾ ਵਨੀਤ ਜੈਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਪ੍ਰੀਖਿਆ ਲੈ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚਾਏ। ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਮੌਕੇ ’ਤੇ ਪਹੁੰਚ ਕੇ ਬੱਚਿਆਂ ਅਤੇ ਕਾਲਜ ਅਧਿਕਾਰੀਆਂ ਦੀ ਮੁਸ਼ਕਲ ਨੂੰ ਸੁਣਿਆ। ਦੂਜੇ ਪਾਸੇ ਕਾਲਜ ਵੱਲੋਂ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ 12-13 ਸਾਲਾਂ ਤੋਂ ਅਜਿਹੇ ਬੱਚਿਆਂ ਨੂੰ ਅਖੀਰ ਵਿੱਚ ਪ੍ਰੀਖਿਆਵਾਂ ਦੇਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਇਸ ਵਾਰ ਸਰਕਾਰ ਨਵੀਂ ਹੋਣ ਕਰ ਕੇ ਫ਼ੈਸਲਾ ਲੈਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫੈਸਲਾ ਆਉਣ ’ਤੇ ਵਿਦਿਆਰਥੀਆਂ ਦੀ ਪ੍ਰੀਖਿਆ ਲੈ ਲਈ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ