ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਜੂਨ
ਨੇੜਲੇ ਪਿੰਡ ਕਲਾਲਮਾਜਰਾ ਦੇ ਵਸਨੀਕਾਂ ਨੇ ਅੱਜ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਤੰਗ ਆ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਪਿੰਡ ਦੀ ਇਸ ਹਾਲਤ ਲਈ ਬੀਡੀਪੀਓ ਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਜਲਦ ਹੀ ਬੀਡੀਪੀਓ ਅਤੇ ਐੱਸਡੀਐੱਮ ਦਫ਼ਤਰ ਦਾ ਘਿਰਾਓ ਕਰਕੇ ਰੋਡ ਜਾਮ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਲਗਪਗ 90 ਤੋਂ 95 ਫ਼ੀਸਦ ਅਬਾਦੀ ਦਲਿਤ ਭਾਈਚਾਰੇ ਦੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਵਿਤਕਰਾ ਕੀਤਾ ਜਾ ਰਿਹਾ ਹੈ। ਦੋ ਸਾਲ ਪਹਿਲਾਂ ਮੰਡੀ ਬੋਰਡ ਵੱਲੋਂ ਜ਼ਮੀਨ ਦੀ ਮਿਣਤੀ ਕਰਕੇ ਸੀਵਰੇਜ ਲਈ ਨਿਸ਼ਾਨ ਲਾਏ ਗਏ ਸਨ ਪਰ ਹੁਣ ਤੱਕ ਕੋਈ ਪਾਈਪ ਨਹੀਂ ਪਾਏ ਗਏ। ਸੜਕਾਂ ਤੇ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਨੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਨਾ ਮੁਸ਼ਕਿਲ ਕਰ ਦਿੱਤਾ ਹੈ ਅਤੇ ਹਰ ਸਮੇਂ ਫੈਲੀ ਗੰਦੀ ਬਦਬੂ ਕਾਰਨ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਬਜ਼ੁਰਗ ਅਤੇ ਬੱਚੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ ਅਤੇ ਸੜਕਾਂ ਦੀ ਹਾਲਤ ਗੰਦੇ ਪਾਣੀ ਕਾਰਨ ਬੇਹੱਦ ਖਰਾਬ ਹੋ ਚੁੱਕੀ ਹੈ ਜੋ ਆਵਾਜਾਈ ਵਿਚ ਵਿਘਨ ਪਾਉਂਦੀ ਹੈ। ਇਸ ਸੜਕ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਪ੍ਰੇਸ਼ਾਨ ਹਨ ਕਿਉਂਕਿ ਇਹ ਸੜਕ ਇਲਾਕੇ ਕਈ ਪਿੰਡਾਂ ਲਈ ਇਕ ਮੁੱਖ ਰਾਹ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਈ ਮਹੀਨਿਆਂ ਤੋਂ ਵੱਖ ਵੱਖ ਅਧਿਕਾਰੀਆਂ ਕੋਲ ਧੱਕੇ ਖਾ ਰਹੇ ਹਨ ਪ੍ਰਤੂੰ ਹਰ ਵਾਰ ਕਿਹਾ ਜਾਂਦਾ ਹੈ ਕਿ ਫਾਈਲ ਚੱਲ ਰਹੀ ਹੈ ਜਾਂ ਕੰਮ ਜਲਦ ਸ਼ੁਰੂ ਹੋ ਜਾਵੇਗਾ।
ਪੰਚਾਇਤ ਸਕੱਤਰ ਨੇ ਚੋਣਾਂ ਮਗਰੋਂ ਹੱਲ ਕਰਨ ਦਾ ਭਰੋਸਾ ਦਿੱਤਾ
ਸਰਪੰਚ ਸਿਮਰਨ ਜੋਤੀ ਨੇ ਦੱਸਿਆ ਕਿ ਇਸ ਸਬੰਧੀ ਅੱਜ ਵੀ ਪੰਚਾਇਤ ਸਕੱਤਰ ਨਾਲ ਗੱਲ ਹੋਈ ਹੈ ਜਿਨ੍ਹਾਂ ਕਿਹਾ ਕਿ ਉਹ ਲੁਧਿਆਣਾ ਚੋਣਾਂ ਵਿੱਚ ਡਿਊਟੀ ’ਤੇ ਹਨ ਤੇ ਚੋਣਾਂ ਮਗਰੋਂ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।